ਗੈਸ ਸਿਲੰਡਰ ਸਪਲਾਈ ਕਰਨ ਵਾਲੇ ਨੌਜਵਾਨ ਤੋਂ 7 ਹਜ਼ਾਰ ਲੁੱਟੇ
ਖਰੜ 'ਚ ਡਾਕਾ: ਗੈਸ ਸਿਲੰਡਰ ਸਪਲਾਈ ਕਰਨ ਵਾਲੇ ਨੌਜਵਾਨ ਤੋਂ 7 ਹਜ਼ਾਰ ਰੁਪਏ ਲੁੱਟੇ,
Publish Date: Tue, 31 Mar 2026 10:00 PM (IST)
Updated Date: Wed, 01 Apr 2026 04:20 AM (IST)

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੇ ਸਿਰ ਤੇ ਕੀਤੇ ਵਾਰ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਖਰੜ ਦੇ ਖ਼ੂਨੀ ਮਾਜਰਾ ਇਲਾਕੇ ਵਿਚ ਦਿਨ-ਦਿਹਾੜੇ ਡਾਕਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਮੋਟਰਸਾਈਕਲ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਗੈਸ ਸਿਲੰਡਰ ਦੀ ਡਲਿਵਰੀ ਦੇਣ ਵਾਲੇ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਅਤੇ ਉਸ ਕੋਲੋਂ 7 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਸ ਵਾਰਦਾਤ ਸਬੰਧੀ ਪੁਲਿਸ ਨੇ ਪਰਚਾ ਦਰਜ ਕਰਕੇ ਲੁਟੇਰਿਆਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤ ਵਿਕਾਸ ਕੁਮਾਰ (35 ਸਾਲ), ਜੋ ਮੂਲ ਰੂਪ ਵਿਚ ਯੂਪੀ ਦੇ ਮੇਰਠ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਵਿਚ ਪਿੰਡ ਖ਼ੂਨੀ ਮਾਜਰਾ ਵਿਚ ਰਹਿ ਕੇ ਇੰਡੇਨ ਗੈਸ ਦੇ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਹੈ। ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਿਛਲੇ ਦਿਨੀਂ ਦੁਪਹਿਰ ਸਮੇਂ ਉਹ ਕਰੀਬ 36 ਗੈਸ ਸਿਲੰਡਰਾਂ ਨਾਲ ਭਰੀ ਗੱਡੀ ਲੈ ਕੇ ਸੈਕਟਰ-124 ਸਥਿਤ ਗਲੋਬਲ ਸਿਟੀ ਵਿਚ ਡਿਲੀਵਰੀ ਕਰਨ ਗਿਆ ਸੀ। ਵਾਪਸੀ ਵੇਲੇ ਉਸ ਨੇ ਸੜਕ ਕਿਨਾਰੇ ਗੱਡੀ ਖੜ੍ਹੀ ਕੀਤੀ ਅਤੇ ਖਾਣਾ ਖਾਣ ਲੱਗ ਪਿਆ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸ ਕੋਲ ਆਏ ਅਤੇ ਗੈਸ ਸਿਲੰਡਰ ਬੁਕਿੰਗ ਬਾਰੇ ਪੁੱਛਣ ਲੱਗ ਪਏ। ਵਿਕਾਸ ਨੇ ਉਨ੍ਹਾਂ ਦੀ ਮਦਦ ਕਰਦਿਆਂ ਮੋਬਾਈਲ ਐੱਪ ਵੀ ਡਾਊਨਲੋਡ ਕਰਵਾਈ, ਜਿਸ ਤੋਂ ਬਾਅਦ ਉਹ ਉੱਥੋਂ ਚਲੇ ਗਏ। ਕੁਝ ਦੇਰ ਬਾਅਦ ਜਦੋਂ ਉਹ ਗੱਡੀ ਸਟਾਰਟ ਕਰਨ ਲੱਗਾ ਤਾਂ ਦੋਵੇਂ ਨੌਜਵਾਨ ਵਾਪਸ ਆ ਗਏ ਅਤੇ ਉਨ੍ਹਾਂ ਨੇ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਜ਼ਬਰਦਸਤੀ ਚਾਬੀ ਕੱਢ ਲਈ ਤੇ ਵਿਕਾਸ ਦੀ ਜੇਬ ’ਚੋਂ ਸਿਲੰਡਰਾਂ ਦੀ ਪੇਮੈਂਟ ਦੇ 7 ਹਜ਼ਾਰ ਰੁਪਏ ਖੋਹ ਲਏ, ਜਦੋਂ ਵਿਕਾਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਵਾਰਦਾਤ ਤੋਂ ਬਾਅਦ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਰਾਹਗੀਰਾਂ ਨੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਅਤੇ ਹੋਸ਼ ਆਉਣ ਤੋਂ ਬਾਅਦ ਉਸ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ। ਇਸ ਸਬੰਧੀ ਪੀੜਤ ਵਿਅਕਤੀ ਦੀ ਸ਼ਿਕਾਇਤ ’ਤੇ ਖਰੜ ਸਦਰ ਥਾਣੇ ਵਿਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਡਾਕਾ ਮਾਰਨ, ਰਸਤਾ ਰੋਕਣ ਅਤੇ ਕੁੱਟਮਾਰ ਕਰਨ ਦੀਆਂ ਧਾਰਾਵਾਂ ਤਹਿਤ ਐੱਫ਼ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ।