ਵਾਹਨ ਚਾਲਕਾਂ ਲਈ ਰਾਹਤ ਦੀ ਖ਼ਬਰ, ਹਿਮਾਚਲ ਸਰਕਾਰ ਨੇ ਵਾਧੂ ਐਂਟਰੀ ਟੈਕਸ ਵਾਪਸ ਲਿਆ; ਰਾਜਾ ਵੜਿੰਗ ਨੇ ਕੀਤਾ ਧੰਨਵਾਦ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਵਾਹਨਾਂ ’ਤੇ ਲਗਾਇਆ ਵਾਧੂ ਐਂਟਰੀ ਟੈਕਸ ਵਾਪਸ ਲੈਣ ’ਤੇ ਧੰਨਵਾਦ ਕੀਤਾ ਹੈ।
Publish Date: Tue, 31 Mar 2026 07:05 PM (IST)
Updated Date: Tue, 31 Mar 2026 07:09 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਵਾਹਨਾਂ ’ਤੇ ਲਗਾਇਆ ਵਾਧੂ ਐਂਟਰੀ ਟੈਕਸ ਵਾਪਸ ਲੈਣ ’ਤੇ ਧੰਨਵਾਦ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਇਸ ਫੈਸਲੇ ਬਾਅਦ ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਫੋਨ ‘ਤੇ ਗੱਲ ਕਰਕੇ ਵੀ ਧੰਨਵਾਦ ਕੀਤਾ।
ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਣੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਲਈ ਐਂਟਰੀ ਟੈਕਸ ਨੂੰ ਮੁੜ ਪੁਰਾਣੀ ਦਰ ‘ਤੇ ਲਿਆਉਣ ਦਾ ਫੈਸਲਾ ਸ਼ਲਾਘਾਯੋਗ ਹੈ।
ਵੜਿੰਗ ਨੇ ਕਿਹਾ ਕਿ ਇਹ ਫੈਸਲਾ ਦੋਨਾਂ ਸੂਬਿਆਂ ਦੇ ਸਰਹੱਦੀ ਇਲਾਕਿਆਂ ਦੇ ਨਿਵਾਸੀਆਂ ਲਈ ਵੱਡੀ ਰਾਹਤ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਸਰਹੱਦ ਤੋਂ ਪੰਜ ਕਿਲੋਮੀਟਰ ਦੇ ਘੇਰੇ ਵਿਚ ਰਹਿਣ ਵਾਲੇ ਲੋਕਾਂ ਨੂੰ ਦੂਜੇ ਸੂਬੇ ਵਿਚ ਦਾਖਲੇ ਲਈ ਮੁਫ਼ਤ ਐਂਟਰੀ ਮਿਲੇਗੀ।
ਵੜਿੰਗ ਨੇ ਖੁਲਾਸਾ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਪਾਸ ਦੋਨਾਂ ਸੂਬਿਆਂ ਦੇ ਸੰਬੰਧਿਤ ਐਸ.ਡੀ.ਐਮ. ਜਾਂ ਤਹਿਸੀਲਦਾਰਾਂ ਵੱਲੋਂ ਜਾਰੀ ਕੀਤੇ ਜਾ ਸਕਦੇ ਹਨ, ਤਾਂ ਜੋ ਪੰਜ ਕਿਲੋਮੀਟਰ ਦੇ ਦਾਇਰੇ ਵਿਚ ਰਹਿਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।