ਸਾਬਕਾ ਖੇਡ ਮੰਤਰੀ ਨੂੰ ਰਾਹਤ, ਜਬਰ ਜਨਾਹ ਦੀ ਕੋਸ਼ਿਸ਼ ਵਾਲੀ ਧਾਰਾ ਜੋੜਨ ਦੀ ਮੰਗ ਖਾਰਜ
ਸਾਬਕਾ ਖੇਡ ਮੰਤਰੀ ਨੂੰ ਰਾਹਤ, ਜਬਰ ਜਨਾਹ ਦੀ ਕੋਸ਼ਿਸ਼ ਵਾਲੀ ਧਾਰਾ ਜੋੜਣ ਦੀ ਮੰਗ ਖਾਰਜ
Publish Date: Mon, 11 May 2026 09:59 PM (IST)
Updated Date: Mon, 11 May 2026 10:00 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਯੌਨ ਸ਼ੋਸ਼ਣ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਮਾਮਲੇ ਵਿਚ ਭਾਰਤੀ ਦੰਡ ਸੰਹਿਤਾ ਦੀ ਧਾਰਾ 376 (ਜਬਰ ਜਨਾਹ) ਨੂੰ ਧਾਰਾ 511 (ਕੋਸ਼ਿਸ਼) ਨਾਲ ਜੋੜਨ ਦੀ ਮੰਗ ਵਾਲੀ ਸਰਕਾਰੀ ਪੱਖ ਦੀ ਅਰਜ਼ੀ ਖਾਰਜ ਕਰ ਦਿੱਤੀ। ਇਸ ਨਾਲ ਹੀ ਕੇਸ ਨੂੰ ਸੈਸ਼ਨ ਅਦਾਲਤ ਵਿਚ ਭੇਜਣ ਦੀ ਮੰਗ ਵੀ ਅਦਾਲਤ ਨੇ ਨਾਮਨਜ਼ੂਰ ਕਰ ਦਿੱਤੀ ਹੈ। ਹੁਣ ਮਾਮਲੇ ਦੀ ਸੁਣਵਾਈ ਮੁੱਖ ਨਿਆਇਕ ਮੈਜਿਸਟ੍ਰੇਟ (ਸੀਜੇਐੱਮ) ਅਦਾਲਤ ਵਿਚ ਹੀ ਜਾਰੀ ਰਹੇਗੀ। ਅਦਾਲਤ ਨੇ ਅਗਲੀ ਸੁਣਵਾਈ 16 ਮਈ ਲਈ ਤੈਅ ਕੀਤੀ ਹੈ। ਇਹ ਮਾਮਲਾ ਇਕ ਜੂਨੀਅਰ ਮਹਿਲਾ ਕੋਚ ਵੱਲੋਂ ਸਾਬਕਾ ਮੰਤਰੀ ਖ਼ਿਲਾਫ਼ ਦਰਜ ਕਰਵਾਈ ਗਈ ਯੌਨ ਸ਼ੋਸ਼ਣ ਸ਼ਿਕਾਇਤ ਨਾਲ ਸਬੰਧਿਤ ਹੈ। ਸਰਕਾਰੀ ਪੱਖ ਨੇ ਅਦਾਲਤ ਵਿਚ ਦਲੀਲ ਦਿੱਤੀ ਸੀ ਕਿ ਪੀੜਤਾ ਦੇ ਦੰਡ ਪ੍ਰਕਿਰਿਆ ਸੰਹਿਤਾ ਦੀ ਧਾਰਾ 164 ਤਹਿਤ ਦਰਜ ਬਿਆਨ ਅਤੇ ਅਦਾਲਤ ਵਿਚ ਦਿੱਤੇ ਮੁੱਖ ਬਿਆਨ ਦੇ ਆਧਾਰ ’ਤੇ ਮੁਲਜ਼ਮ ’ਤੇ ਜਬਰ ਜਨਾਹ ਦੀ ਕੋਸ਼ਿਸ਼ ਵਾਲੀ ਧਾਰਾ ਜੋੜੀ ਜਾਣੀ ਚਾਹੀਦੀ ਹੈ। ਸਰਕਾਰੀ ਪੱਖ ਨੇ ਕਿਹਾ ਕਿ ਰਿਕਾਰਡ ’ਤੇ ਮੌਜੂਦ ਸਮੱਗਰੀ ਗੰਭੀਰ ਦੋਸ਼ਾਂ ਵੱਲ ਇਸ਼ਾਰਾ ਕਰਦੀ ਹੈ, ਇਸ ਲਈ ਮਾਮਲੇ ਨੂੰ ਸੈਸ਼ਨ ਅਦਾਲਤ ਵਿਚ ਭੇਜਿਆ ਜਾਣਾ ਚਾਹੀਦਾ ਹੈ। ਉਧਰ ਬਚਾਅ ਪੱਖ ਦੇ ਵਕੀਲ ਰਬਿੰਦਰਾ ਪੰਡਤ ਅਤੇ ਸਿੱਧਾਰਥ ਪੰਡਤ ਨੇ ਇਸ ਅਰਜ਼ੀ ਦਾ ਜ਼ੋਰਦਾਰ ਵਿਰੋਧ ਕਰਦਿਆਂ ਇਸ ਨੂੰ ਸੁਣਵਾਈ ਵਿਚ ਦੇਰੀ ਕਰਨ ਦੀ ਰਣਨੀਤੀ ਦੱਸਿਆ। ਸੰਦੀਪ ਸਿੰਘ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਅਜਿਹਾ ਕੋਈ ਢੁੱਕਵਾਂ ਸਬੂਤ ਨਹੀਂ ਹੈ, ਜਿਸ ਨਾਲ ਭਾਰਤੀ ਦੰਡ ਸੰਹਿਤਾ ਦੀ ਧਾਰਾ 376 ਨਾਲ ਧਾਰਾ 511 ਦਾ ਮਾਮਲਾ ਬਣਦਾ ਹੋਵੇ। ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਨੇ ਆਪਣੀ ਮੁੱਢਲੀ ਪੁਲਿਸ ਸ਼ਿਕਾਇਤ ਵਿਚ ਜਬਰ ਜਨਾਹ ਦੀ ਕੋਸ਼ਿਸ਼ ਵਰਗਾ ਕੋਈ ਦੋਸ਼ ਨਹੀਂ ਲਾਇਆ ਸੀ। ਬਚਾਅ ਪੱਖ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਇਸੇ ਤਰ੍ਹਾਂ ਦੀ ਇਕ ਅਰਜ਼ੀ ਪਹਿਲਾਂ ਵੀ ਦਾਇਰ ਕੀਤੀ ਗਈ ਸੀ, ਜਿਸ ਨੂੰ 29 ਜੁਲਾਈ 2024 ਨੂੰ ਅਦਾਲਤ ਖਾਰਜ ਕਰ ਚੁੱਕੀ ਹੈ। ਉਸ ਹੁਕਮ ਨੂੰ ਨਾ ਤਾਂ ਸ਼ਿਕਾਇਤਕਰਤਾ ਅਤੇ ਨਾ ਹੀ ਰਾਜ ਸਰਕਾਰ ਨੇ ਉੱਚ ਅਦਾਲਤ ਵਿਚ ਚੁਣੌਤੀ ਦਿੱਤੀ ਸੀ, ਇਸ ਲਈ ਉਹ ਹੁਕਮ ਅੰਤਿਮ ਮੰਨਿਆ ਜਾਵੇਗਾ।