ਸੂਬੇ ਭਰ ਵਿੱਚ ਅਤਿ ਦੀ ਗਰਮੀ ਕਾਰਨ ਵਧ ਰਹੀਆਂ ਮੁਸ਼ਕਿਲ ਸਥਿਤੀਆਂ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕਿਹਾ ਕਿ ਸਿਹਤ ਵਿਭਾਗ ਵੱਲੋਂ ਭਾਰੀ ਗਰਮੀ ਦੇ ਪ੍ਰਭਾਵਾਂ ਨੂੰ ਰੋਕਣ, ਘੱਟ ਕਰਨ ਅਤੇ ਸੁਚੱਜੇ ਪ੍ਰਬੰਧਨ ਲਈ ਸਹੂਲਤਾਂ ਪ੍ਰਦਾਨ ਕਰਨ ਅਤੇ ਇਸ ਸਬੰਧੀ ਕਰਮਚਾਰੀਆਂ ਨੂੰ ਤਿਆਰ ਕਰਨ ਲਈ ਸਰਗਰਮ ਕਦਮ ਚੁੱਕੇ ਗਏ ਹਨ।

ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਸੂਬੇ ਭਰ ਵਿੱਚ ਅਤਿ ਦੀ ਗਰਮੀ ਕਾਰਨ ਵਧ ਰਹੀਆਂ ਮੁਸ਼ਕਿਲ ਸਥਿਤੀਆਂ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕਿਹਾ ਕਿ ਸਿਹਤ ਵਿਭਾਗ ਵੱਲੋਂ ਭਾਰੀ ਗਰਮੀ ਦੇ ਪ੍ਰਭਾਵਾਂ ਨੂੰ ਰੋਕਣ, ਘੱਟ ਕਰਨ ਅਤੇ ਸੁਚੱਜੇ ਪ੍ਰਬੰਧਨ ਲਈ ਸਹੂਲਤਾਂ ਪ੍ਰਦਾਨ ਕਰਨ ਅਤੇ ਇਸ ਸਬੰਧੀ ਕਰਮਚਾਰੀਆਂ ਨੂੰ ਤਿਆਰ ਕਰਨ ਲਈ ਸਰਗਰਮ ਕਦਮ ਚੁੱਕੇ ਗਏ ਹਨ। ਮੰਤਰੀ ਨੇ ਕਿਹਾ ਕਿ ਅਤਿ ਦੀ ਗਰਮੀ ਕਾਰਨ ਹੀਟ ਸਟ੍ਰੈਸ, ਹੀਟ ਇਗਜ਼ੌਸ਼ਨ ਅਤੇ ਹੀਟ ਸਟ੍ਰੋਕ ਦਾ ਜੋਖਮ ਕਾਫ਼ੀ ਵੱਧ ਜਾਂਦਾ ਹੈ ਅਤੇ ਦਿਲ ਅਤੇ ਸਾਹ ਸਬੰਧੀ ਦਿੱਕਤਾਂ ਵਿੱਚ ਵੀ ਵਾਧਾ ਹੁੰਦਾ ਹੈ।
ਡਾ. ਬਲਬੀਰ ਸਿੰਘ ਨੇ ਕਿਹਾ, “ਸਾਡੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਸਿਵਲ ਸਰਜਨਾਂ ਨੂੰ ਸਾਰੇ ਜ਼ਿਲਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਸਮਰਪਿਤ ਹੀਟ ਸਟ੍ਰੋਕ ਮੈਨੇਜਮੈਂਟ ਯੂਨਿਟਾਂ ਨੂੰ ਕਾਰਜਸ਼ੀਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।'' ਉਨ੍ਹਾਂ ਕਿਹਾ ਕਿ ਇਹ ਵਾਰਡ ਸਰਗਰਮ ਕੂਲਿੰਗ ਉਪਾਵਾਂ ਨਾਲ ਲੈਸ ਹਨ, ਜਿਸ ਵਿੱਚ ਆਈਸ ਪੈਕ ਅਤੇ ਕੋਲਡ ਆਈਵੀ ਫਲੂਇਡਜ਼ ਸ਼ਾਮਲ ਹਨ। ਹਰੇਕ ਹਸਪਤਾਲ ਵਿੱਚ ਜ਼ਰੂਰੀ ਡਾਕਟਰੀ ਸਪਲਾਈ, ਜਿਵੇਂ ਕਿ ਓਆਰਐੱਸ ਅਤੇ ਐਮਰਜੈਂਸੀ ਦਵਾਈਆਂ ਦਾ ਲੋੜੀਂਦਾ ਸਟਾਕ ਯਕੀਨੀ ਬਣਾਇਆ ਗਿਆ ਹੈ।
ਮੰਤਰੀ ਨੇ ਅੱਗੇ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲ ਲਿਆਉਂਦੇ ਸਮੇਂ ਰਾਸਤੇ ਵਿੱਚ ਕੂਲਿੰਗ ਪ੍ਰਦਾਨ ਕਰਨ ਲਈ ਐਂਬੂਲੈਂਸਾਂ ਵਿੱਚ ਲੋੜੀਂਦੀ ਸਹੂਲਤ ਦਿੱਤੀ ਗਈ ਹੈ। ਸੂਬੇ ਵੱਲੋਂ ਗਰਮੀ ਸਬੰਧੀ ਬਿਮਾਰੀ (HRI) ਦੇ ਮਾਮਲਿਆਂ ਦੀ ਅਸਲ-ਸਮੇਂ ਦੀ ਨਿਗਰਾਨੀ ਲਈ ਆਈਐਚਆਈਪੀ ਪੋਰਟਲ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਹੀਟ ਐਕਸ਼ਨ ਪਲਾਨ ਸਬੰਧੀ ਜ਼ਿਲ•ਾ ਟਾਸਕ ਫੋਰਸ ਵੱਲੋਂ ਸਿੱਖਿਆ, ਕਿਰਤ ਅਤੇ ਟਰਾਂਸਪੋਰਟ ਵਿਭਾਗ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਡਾ. ਬਲਬੀਰ ਸਿੰਘ ਨੇ ਕਿਹਾ, “ਸਾਡੀਆਂ ਮੈਡੀਕਲ ਟੀਮਾਂ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਤਿਆਰ ਹਨ, ਫਿਰ ਵੀ ਮੈਂ ਲੋਕਾਂ, ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਚੌਕਸ ਰਹਿਣ ਅਤੇ ਵਿਭਾਗ ਦੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹਾਂ।”
ਗਰਮੀ ਤੋਂ ਬਚਣ ਲਈ ਕੀ ਕਰੀਏ
ਢੁਕਵੇਂ ਕੱਪੜੇ ਪਾਓ:
ਹਲਕੇ ਰੰਗ ਦੇ, ਢਿੱਲੇ ਸੂਤੀ ਕੱਪੜੇ ਪਾਓ। ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ ਜਾਂ ਤੌਲੀਏ ਦੀ ਵਰਤੋਂ ਕਰੋ।
ਆਪਣੇ ਦਿਨ ਦੀ ਢੁਕਵੀਂ ਯੋਜਨਾਬੰਦੀ ਕਰੋ:
ਸਵੇਰੇ ਜਾਂ ਸ਼ਾਮ ਨੂੰ ਠੰਢੇ ਸਮੇਂ ਦੌਰਾਨ ਹੀ ਬਾਹਰੀ ਕੰਮ ਕਰੋ ।
ਸਮਝਦਾਰੀ ਨਾਲ ਖਾਓ:
ਪਾਣੀ ਨਾਲ ਭਰਪੂਰ ਫਲ ਜਿਵੇਂ ਕਿ ਤਰਬੂਜ, ਸੰਤਰੇ ਅਤੇ ਖੀਰੇ ਖਾਓ। ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵਾਰ-ਵਾਰ ਖਾਣਾ ਖਾਓ।
ਘਰ ਨੂੰ ਅੰਦਰੋਂ ਠੰਢਾ ਰੱਖੋ:
ਪਰਦੇ, ਪੱਖਿਆਂ ਦੀ ਵਰਤੋਂ ਕਰੋ ਅਤੇ ਸੁਚੱਜੀ ਹਵਾਦਾਰੀ ਯਕੀਨੀ ਬਣਾਓ।
ਕਾਮਿਆਂ ਦੀ ਸੁਰੱਖਿਆ :
ਮਾਲਕਾਂ ਨੂੰ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਛਾਂਦਾਰ ਆਰਾਮ ਖੇਤਰ ਅਤੇ ਪੀਣ ਵਾਲਾ ਸੁਰੱਖਿਅਤ ਪਾਣੀ ਪ੍ਰਦਾਨ ਕਰਨਾ ਚਾਹੀਦਾ ਹੈ।
ਕੀ ਨਾ ਕਰੀਏ
ਸਿਖਰ ਦੁਪਹਿਰੇ ਵੇਲੇ ਧੁੱਪ ਤੋਂ ਬਚੋ:
ਦੁਪਹਿਰ 12:00 ਵਜੇ ਤੋਂ 3:00 ਵਜੇ ਦੇ ਵਿਚਕਾਰ ਉਦੋਂ ਤੱਕ ਬਾਹਰ ਨਾ ਜਾਓ ਜਦੋਂ ਤੱਕ ਕਿ ਬਹੁਤ ਜ਼ਰੂਰੀ ਨਾ ਹੋਵੇ।
ਡੀਹਾਈਡ੍ਰੇਟਿੰਗ ਡਰਿੰਕਸ ਤੋਂ ਗੁਰੇਜ਼ ਕਰੋ:
ਚਾਹ, ਕੌਫੀ, ਅਲਕੋਹਲ ਅਤੇ ਕਾਰਬੋਨੇਟਿਡ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਘੱਟ ਕਰੋ।
ਭਾਰੀ ਭੋਜਨ ਤੋਂ ਗੁਰੇਜ਼ ਕਰੋ:
ਤਲੇ ਹੋਏ, ਮਸਾਲੇਦਾਰ ਜਾਂ ਬਾਸੀ ਭੋਜਨ ਨਾ ਖਾਓ ਜੋ ਪਾਚਨ ਕਿਰਿਆ ਨੂੰ ਹੌਲੀ ਕਰ ਸਕਦੇ ਹਨ।
ਕੋਈ ਸਖ਼ਤ ਕੰਮ ਨਾ ਕਰੋ:
ਗਰਮੀਆਂ ਦੇ ਸਿਖਰ ਦੇ ਸਮੇਂ ਦੌਰਾਨ ਭਾਰੀ ਕੰਮਾਂ ਤੋਂ ਪਰਹੇਜ਼ ਕਰੋ।
ਵਾਹਨ ਸੁਰੱਖਿਆ: ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਕਦੇ ਵੀ ਪਾਰਕ ਕੀਤੇ ਵਾਹਨਾਂ ਅੰਦਰ ਨਾ ਛੱਡੋ।
ਲੱਛਣ ਜਿਨਾਂ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ
ਜੇਕਰ ਤੁਹਾਨੂੰ ਨਿਮਨਲਿਖਤ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ:
- ਸਰੀਰ ਦਾ ਉੱਚ ਤਾਪਮਾਨ (40 ਡਿਗਰੀ ਸੈਲਸੀਅਸ ਜਾਂ ਵੱਧ ਹੋਵੇ)
- ਮਾਨਸਿਕ ਸੰਤੁਲਨ ਵਿੱਚ ਬਦਲਾਅ, ਬੇਚੈਨੀ ਜਾਂ ਦੌਰੇ - ਗਰਮ, ਲਾਲ ਅਤੇ ਖੁਸ਼ਕ ਚਮੜੀ
- ਗੰਭੀਰ ਸਿਰ ਦਰਦ, ਮਤਲੀ ਜਾਂ ਤੇਜ਼ ਦਿਲ ਦੀ ਧੜਕਣ
ਐਮਰਜੈਂਸੀ ਲਈ ਹੈਲਪਲਾਈਨ ਨੰਬਰ 104, 108, ਜਾਂ 112 'ਤੇ ਕਾਲ ਕਰੋ।