ਫ਼ਿਲਮ ‘ਧੁਰੰਧਰ’ ਦੇ ਪ੍ਰੋਡਕਸ਼ਨ ਡਿਜ਼ਾਈਨਰ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ, ਫਾਈਵ ਸਟਾਰ ਹੋਟਲ 'ਚ ਵਾਰਦਾਤ ਨੂੰ ਦਿੱਤਾ ਅੰਜਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਫ਼ਿਲਮ ਧੁਰੰਧਰ ਦੇ ਪ੍ਰੋਡਕਸ਼ਨ ਡਿਜ਼ਾਈਨਰ ਸੈਨੀ ਐੱਸ. ਜੋਹਰੇ ਖ਼ਿਲਾਫ਼ ਇਕ ਨੌਜਵਾਨ ਲੜਕੀ ਨਾਲ ਜਬਰ-ਜਨਾਹ ਦਾ ਮਾਮਲਾ ਸੈਕਟਰ-17 ਪੁਲਿਸ ਥਾਣਾ ਵਿੱਚ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਲੜਕੀ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਉਸ ਨੂੰ ਇਕ ਫਾਈਵ ਸਟਾਰ ਹੋਟਲ ਵਿੱਚ ਬੁਲਾ ਕੇ ਜਿਨਸੀ ਸ਼ੋਸ਼ਣ ਕੀਤਾ, ਸਰੀਰਕ ਹਮਲਾ ਕੀਤਾ ਅਤੇ ਗਲਤ ਤਰੀਕੇ ਨਾਲ ਬੰਦੀ ਬਣਾਕੇ ਰੱਖਿਆ।
Publish Date: Tue, 26 May 2026 12:23 PM (IST)
Updated Date: Tue, 26 May 2026 12:27 PM (IST)
ਮਨੋਜ ਬਿਸ਼ਟ, ਜਾਗਰਣ, ਚੰਡੀਗੜ੍ਹ। ਫ਼ਿਲਮ ਧੁਰੰਧਰ ਦੇ ਪ੍ਰੋਡਕਸ਼ਨ ਡਿਜ਼ਾਈਨਰ ਸੈਨੀ ਐੱਸ. ਜੋਹਰੇ ਖ਼ਿਲਾਫ਼ ਇਕ ਨੌਜਵਾਨ ਲੜਕੀ ਨਾਲ ਜਬਰ-ਜਨਾਹ ਦਾ ਮਾਮਲਾ ਸੈਕਟਰ-17 ਪੁਲਿਸ ਥਾਣਾ ਵਿੱਚ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਲੜਕੀ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਉਸ ਨੂੰ ਇਕ ਫਾਈਵ ਸਟਾਰ ਹੋਟਲ ਵਿੱਚ ਬੁਲਾ ਕੇ ਜਿਨਸੀ ਸ਼ੋਸ਼ਣ ਕੀਤਾ, ਸਰੀਰਕ ਹਮਲਾ ਕੀਤਾ ਅਤੇ ਗਲਤ ਤਰੀਕੇ ਨਾਲ ਬੰਦੀ ਬਣਾਕੇ ਰੱਖਿਆ।
ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਦੀ ਡਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ। ਪੁਲਿਸ ਨੇ 21 ਅਪ੍ਰੈਲ 2026 ਨੂੰ ਜਾਂਚ ਤੋਂ ਬਾਅਦ ਐੱਫ.ਆਈ.ਆਰ. ਦਰਜ ਕੀਤੀ ਸੀ ਪਰ ਮਾਮਲਾ ਸੋਮਵਾਰ ਨੂੰ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਸੈਕਟਰ-17 ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਬਾਅਦ ਵਿੱਚ ਉਸ ਨੂੰ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ।
ਪੁਲਿਸ ਰਿਕਾਰਡ ਮੁਤਾਬਕ ਪੀੜਤਾ ਨੇ 20 ਅਪ੍ਰੈਲ ਨੂੰ ਸ਼ਿਕਾਇਤ ਦਿੱਤੀ ਸੀ। ਉਹ ਇਸ ਵੇਲੇ ਚੰਡੀਗੜ੍ਹ ਵਿੱਚ ਰਹਿ ਰਹੀ ਹੈ, ਜਦਕਿ ਉਸ ਦਾ ਸਥਾਈ ਪਤਾ ਨਵੀਂ ਦਿੱਲੀ ਦਾ ਹੈ। ਸ਼ਿਕਾਇਤ ਵਿੱਚ ਮੁਲਜ਼ਮ ਦਾ ਪਤਾ ਮੁੰਬਈ ਦੇ ਅੰਧੇਰੀ ਵੈਸਟ ਸਥਿਤ ਓਬਰਾਏ ਸਪ੍ਰਿੰਗ ਬਿਲਡਿੰਗ ਦਰਜ ਹੈ। ਪ੍ਰੋਡਕਸ਼ਨ ਡਿਜ਼ਾਈਨਰ ਸੈਨੀ ਐੱਸ. ਜੋਹਰੇ ਫ਼ਿਲਮ ‘ਧੁਰੰਧਰ’ ਦੇ ਸ਼ਾਨਦਾਰ ਸੈੱਟ ਵਿੱਚ ਥਾਈਲੈਂਡ ਵਿੱਚ ਪਾਕਿਸਤਾਨ ਦਾ ਲਿਆਰੀ ਟਾਊਨ ਤਿਆਰ ਕਰਨ ਕਾਰਨ ਚਰਚਾ ਵਿੱਚ ਆਏ ਸਨ।
ਸ਼ਿਕਾਇਤ ਵਿੱਚ ਲੜਕੀ ਨੇ ਦੱਸਿਆ ਕਿ ਸਾਲ 2025 ਵਿੱਚ ਉਹ ਗਵਰਨਮੈਂਟ ਕਾਲਜ ਆਫ਼ ਆਰਟ ਵਿੱਚ ਪੜ੍ਹਾਈ ਕਰ ਰਹੀ ਸੀ। ਇਸ ਦੌਰਾਨ ਇਕ ਅਧਿਆਪਕ ਰਾਹੀਂ ਉਸ ਦਾ ਬਾਇਓਡਾਟਾ ਫ਼ਿਲਮ ਦੀ ਟੀਮ ਤੱਕ ਪਹੁੰਚਿਆ। ਇਸ ਤੋਂ ਬਾਅਦ ਸੈਨੀ ਨੇ ਉਸ ਨੂੰ ਫ਼ਿਲਮ ਪ੍ਰੋਜੈਕਟ ਵਿੱਚ ਅਸਿਸਟੈਂਟ ਆਰਟ ਡਾਇਰੈਕਟਰ ਵਜੋਂ ਸ਼ਾਮਲ ਕੀਤਾ ਅਤੇ ਆਪਣੇ ਆਪ ਨੂੰ ਉਸ ਦਾ ਮੈਂਟਰ ਦੱਸਿਆ।
ਸ਼ਿਕਾਇਤ ਅਨੁਸਾਰ ਪ੍ਰੋਜੈਕਟ ’ਤੇ ਕੰਮ ਸ਼ੁਰੂ ਹੋਣ ਤੋਂ ਚਾਰ-ਪੰਜ ਦਿਨ ਬਾਅਦ ਮੁਲਜ਼ਮ ਨੇ ਪੇਸ਼ੇਵਰ ਚਰਚਾ ਦੇ ਨਾਂ ’ਤੇ ਉਸ ਨੂੰ ਹੋਟਲ ਦੇ ਕਮਰੇ ਵਿੱਚ ਬੁਲਾਇਆ। ਪੀੜਤਾ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਉਸ ਨੂੰ ਲੱਗਾ ਕਿ ਇਹ ਟੀਮ ਮੀਟਿੰਗ ਹੋਵੇਗੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉੱਥੇ ਕਿਸੇ ਹੋਰ ਟੀਮ ਮੈਂਬਰ ਨੂੰ ਨਹੀਂ ਬੁਲਾਇਆ ਗਿਆ ਸੀ।
ਉਸ ਨੇ ਦੋਸ਼ ਲਗਾਇਆ ਕਿ ਉੱਥੇ ਮੁਲਜ਼ਮ ਨੇ ਉਸ ’ਤੇ ਸ਼ਰਾਬ ਪੀਣ ਲਈ ਦਬਾਅ ਬਣਾਇਆ। ਡਰਿੰਕ ਪੀਣ ਤੋਂ ਕੁਝ ਮਿੰਟਾਂ ਬਾਅਦ ਉਸ ਨੂੰ ਚੱਕਰ ਆਉਣ ਲੱਗੇ ਅਤੇ ਤਬੀਅਤ ਵਿਗੜ ਗਈ। ਇਸ ਦੇ ਬਾਵਜੂਦ ਮੁਲਜ਼ਮ ਨੇ ਡਾਂਸ ਸਿਖਾਉਣ ਦੇ ਬਹਾਨੇ ਉਸ ਨਾਲ ਗਲਤ ਸਰੀਰਕ ਸੰਪਰਕ ਕੀਤਾ। ਪੀੜਤਾ ਨੇ ਦੱਸਿਆ ਕਿ ਉਸ ਨੇ ਕਈ ਵਾਰ ਉਲਟੀਆਂ ਕੀਤੀਆਂ, ਪਰ ਫਿਰ ਵੀ ਮੁਲਜ਼ਮ ਨੇ ਉਸ ਨੂੰ ਕਮਰੇ ਤੋਂ ਨਹੀਂ ਜਾਣ ਦਿੱਤਾ ਅਤੇ ਉਸ ਨਾਲ ਜਬਰ-ਜਨਾਹ ਕੀਤਾ।