ਰਾਜਾ ਵੜਿੰਗ ਨੇ ਕੇਂਦਰ ਨੂੰ ਘੇਰਿਆ: ਕਿਹਾ- ਮਹਿਲਾ ਰਾਖਵਾਂਕਰਨ ਬਿੱਲ ਦੇ ਨਾਂ 'ਤੇ ਸਿਰਫ਼ ਹੱਦਬੰਦੀ ਬਿੱਲ ਹੋਇਆ ਰੱਦ, ਕਾਂਗਰਸ ਔਰਤਾਂ ਦੇ ਨਾਲ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਔਰਤਾਂ ਨੂੰ ਰਾਖਵਾਂਕਰਨ ਦਾ ਲਾਭ ਦੇਣ ਦੇ ਹੱਕ ਵਿਚ ਹੈ, ਪਰ ਇਹ ਪੁਰਾਣੇ 543 ਲੋਕ ਸਭਾ ਹਲਕਿਆਂ ਅਨੁਸਾਰ ਦਿੱਤਾ ਜਾਵੇ। ਉਨ੍ਹਾਂ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਨੁਕਸਾਨ ਪਹੁੰਚਾਉਣ ਦਾ ਵਿਰੋਧੀ ਧਿਰ ’ਤੇ ਦੋਸ਼ ਲਾਉਣ ਲਈ ਭਾਜਪਾ ਦੀ ਨਿਖੇਧੀ ਕੀਤੀ।
Publish Date: Tue, 21 Apr 2026 09:15 AM (IST)
Updated Date: Tue, 21 Apr 2026 09:16 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਔਰਤਾਂ ਨੂੰ ਰਾਖਵਾਂਕਰਨ ਦਾ ਲਾਭ ਦੇਣ ਦੇ ਹੱਕ ਵਿਚ ਹੈ, ਪਰ ਇਹ ਪੁਰਾਣੇ 543 ਲੋਕ ਸਭਾ ਹਲਕਿਆਂ ਅਨੁਸਾਰ ਦਿੱਤਾ ਜਾਵੇ। ਉਨ੍ਹਾਂ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਨੁਕਸਾਨ ਪਹੁੰਚਾਉਣ ਦਾ ਵਿਰੋਧੀ ਧਿਰ ’ਤੇ ਦੋਸ਼ ਲਾਉਣ ਲਈ ਭਾਜਪਾ ਦੀ ਨਿਖੇਧੀ ਕੀਤੀ।
ਇੱਥੇ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਨਹੀਂ, ਸਗੋਂ ਹੱਦਬੰਦੀ ਬਿੱਲ ਰੱਦ ਹੋਇਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮਹਿਲਾ ਰਾਖਵਾਂਕਰਨ ਬਿਲ ਦੇ ਨਾਂ ’ਤੇ ਚੁੱਪਚਾਪ ਹੱਦਬੰਦੀ ਬਿਲ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਜਦਕਿ ਮਹਿਲਾ ਰਾਖਵਾਂਕਰਨ ਬਿੱਲ 2023 ਵਿਚ ਪਹਿਲਾਂ ਹੀ ਸਰਬਸੰਮਤੀ ਨਾਲ ਪਾਸ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਅਤੇ ਰਾਖਵਾਂਕਰਨ ਦੇਣ ਲਈ ਕਾਂਗਰਸ ਨੂੰ ਭਾਜਪਾ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਯਾਦ ਕਰਵਾਇਆ ਕਿ 1989 ਵਿੱਚ ਰਾਜੀਵ ਗਾਂਧੀ ਨੇ ਪੇਂਡੂ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਵਿੱਚ ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ ਲਿਆਂਦਾ ਸੀ, ਜਿਸ ਨਾਲ ਅੱਜ ਦੇਸ਼ ਭਰ ਵਿੱਚ ਲਗਪਗ 40 ਫੀਸਦੀ ਮੈਂਬਰ ਮਹਿਲਾਵਾਂ ਹਨ।
ਵੜਿੰਗ ਨੇ ਸੋਧ ਬਿੱਲ ਦੇ ਵਿਰੋਧ ਨੂੰ ਜਾਇਜ਼ ਠਹਿਰਾਉਂਦੇ ਹੋਏ, ਕਿਹਾ ਕਿ ਜੇਕਰ ਇਹ ਪਾਸ ਹੋ ਜਾਂਦਾ ਤਾਂ ਸਰਕਾਰ ਹੱਦਬੰਦੀ ਲਿਆਉਂਦੀ, ਜਿਸ ਨਾਲ ਪੰਜਾਬ ਅਤੇ ਤਾਮਿਲਨਾਡੂ ਵਰਗੇ ਸੂਬਿਆਂ ਨੂੰ ਨੁਕਸਾਨ ਹੁੰਦਾ ਅਤੇ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗਿਆਂ ਨੂੰ ਫਾਇਦਾ ਮਿਲਦਾ। ਉਨ੍ਹਾਂ ਖ਼ੁਲਾਸਾ ਕੀਤਾ ਕਿ ਉਕਤ ਹੱਦਬੰਦੀ ਤਹਿਤ ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਦੀ ਹਿੱਸੇਦਾਰੀ ਵਧੇਗੀ, ਜਦਕਿ ਪੰਜਾਬ, ਤਮਿਲਨਾਡੂ, ਕੇਰਲ ਅਤੇ ਪੱਛਮੀ ਬੰਗਾਲ ਦੀ ਹਿੱਸੇਦਾਰੀ ਘਟੇਗੀ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਵਿੱਚ ਕੋਈ ਵੱਡਾ ਨਿਵੇਸ਼ ਲਿਆਉਣ ਵਿੱਚ ਅਸਫਲ ਰਹੀ ਹੈ ਅਤੇ ਸਿਰਫ਼ ਐਮਓਯੂ ਸਾਇਨ ਕਰਨ ਨਾਲ ਨਿਵੇਸ਼ ਦੀ ਗਰੰਟੀ ਨਹੀਂ ਮਿਲਦੀ ਹੈ। ਉਨ੍ਹਾਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਦਿਖਾਏ ਜਿੱਥੇ ਅਸਲ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਹੋਇਆ ਹੋਵੇ।