ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਰਿਟਾਇਰੀ ਅਤੇ ਅਨੁਸੂਚਿਤ ਜਾਤੀ ਜਥੇਬੰਦੀਆਂ ਨਾਲ ਵਿਸ਼ੇਸ਼ ਬੈਠਕ
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਰਿਟਾਇਰੀ ਅਤੇ ਅਨੁਸੂਚਿਤ ਜਾਤੀ ਜਥੇਬੰਦੀਆਂ ਨਾਲ ਵਿਸ਼ੇਸ਼ ਮੀਟਿੰਗ
Publish Date: Wed, 05 Nov 2025 06:00 PM (IST)
Updated Date: Wed, 05 Nov 2025 06:01 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ (ਰਜਿ:) ਦੀ ਰਿਟਾਇਰੀ ਜਥੇਬੰਦੀ ਅਤੇ ਅਨੁਸੂਚਿਤ ਜਾਤੀ ਕਰਮਚਾਰੀ ਐਸੋਸੀਏਸ਼ਨ ਨਾਲ ਇਕ ਵਿਸ਼ੇਸ਼ ਅਤੇ ਅਹਿਮ ਬੈਠਕ ਕੀਤੀ ਗਈ। ਇਸ ਬੈਠਕ ਵਿਚ ਬੋਰਡ ਦੇ ਮੌਜੂਦਾ ਅਤੇ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਨਾਲ ਸਬੰਧਤ ਲੰਬੇ ਸਮੇਂ ਤੋਂ ਅਟਕੇ ਮੁੱਦਿਆਂ ਤੇ ਵਿਸਤਾਰਪੂਰਵਕ ਚਰਚਾ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਰਿਟਾਇਰੀ ਜਥੇਬੰਦੀ ਵੱਲੋਂ ਬੋਰਡ ਦੀ ਨਵੀਂ ਚੁਣੀ ਗਈ ਜਥੇਬੰਦੀ ਨੂੰ ਵਧਾਈ ਦੇਣ ਨਾਲ ਹੋਈ। ਰਿਟਾਇਰੀ ਜਥੇਬੰਦੀ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਮੌਜੋਵਾਲ ਨੇ ਅਨੁਸੂਚਿਤ ਜਾਤੀ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਸਮੇਤ ਨਵੀਂ ਜਥੇਬੰਦੀ ਤੇ ਪੂਰਾ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਮੁੱਦੇ ਹੱਲ ਹੋਣਗੇ। ਮੌਜੂਦਾ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਦੀ ਹਾਜ਼ਰੀ ਵਿੱਚ ਸਾਰੀਆਂ ਜਥੇਬੰਦੀਆਂ ਨੇ ਇੱਕ-ਸੁਰ ਹੋ ਕੇ ਕਿਹਾ ਕਿ ਬੋਰਡ ਦੀਆਂ ਆਲੀਸ਼ਾਨ ਇਮਾਰਤਾਂ ਰਿਟਾਇਰੀ ਮੁਲਾਜ਼ਮਾਂ ਦੀ ਸਾਲਾਂ ਦੀ ਮਿਹਨਤ ਦਾ ਨਤੀਜਾ ਹਨ। ਉਨ੍ਹਾਂ ਦੀ ਸੇਵਾ ਅਤੇ ਯੋਗਦਾਨ ਨੂੰ ਬੋਰਡ ਦੇ ਵਿਕਾਸ ਦਾ ਅਸਲੀ ਆਧਾਰ ਮੰਨਦਿਆਂ ਧੰਨਵਾਦ ਪ੍ਰਗਟ ਕੀਤਾ ਗਿਆ। ਜਥੇਬੰਦੀਆਂ ਨੇ ਦਫ਼ਤਰ ਵਿੱਚ ਰਿਟਾਇਰੀ ਕਰਮਚਾਰੀਆਂ ਦੇ ਦਾਖਲੇ ਤੇ ਲੱਗੀ ਪਾਬੰਦੀ ਨੂੰ ਨੈਤਿਕ ਤੌਰ ਤੇ ਗਲਤ ਅਤੇ ਅਫ਼ਸੋਸਜਨਕ ਦੱਸਿਆ। ਬੋਰਡ ਪ੍ਰਬੰਧਨ ਨੂੰ ਇਹ ਪਾਬੰਦੀ ਤੁਰੰਤ ਹਟਾਉਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਚਿੰਤਾ ਜਤਾਈ ਗਈ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ (ਜਿਸ ਤਹਿਤ ਰਿਟਾਇਰੀ ਮੁਲਾਜ਼ਮਾਂ ਨੂੰ ਅਪ੍ਰੈਲ 2025 ਤੋਂ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਅਪ੍ਰੈਲ 2026 ਤੋਂ ਬਕਾਏ ਮਿਲਣੇ ਹਨ) ਨੂੰ ਅਜੇ ਤੱਕ ਬੋਰਡ ਦਫ਼ਤਰ ਵਿੱਚ ਲਾਗੂ ਨਹੀਂ ਕੀਤਾ ਗਿਆ ਹੈ। ਸਮੂਹ ਮੈਂਬਰਾਂ ਨੇ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਅਡਾਪਟ ਕਰਕੇ ਲਾਗੂ ਕਰਨ ਦੀ ਮੰਗ ਕੀਤੀ। ਬੋਰਡ ਵੱਲੋਂ ਸਰਕਾਰ ਤੋਂ ਲਗਭੱਗ ₹500 ਕਰੋੜ ਰੁਪਏ ਦੀ ਬਕਾਇਆ ਰਕਮ ਲੈਣ ਸਬੰਧੀ ਜਲਦ ਤੋਂ ਜਲਦ ਯਤਨ ਕਰਨ ਦਾ ਫੈਸਲਾ ਲਿਆ ਗਿਆ ਤਾਂ ਜੋ ਬੋਰਡ ਦੀ ਆਰਥਿਕ ਹਾਲਤ ਮਜ਼ਬੂਤ ਹੋ ਸਕੇ। ਸਾਰੀਆਂ ਜਥੇਬੰਦੀਆਂ ਨੇ ਸਾਂਝਾ ਫ਼ੈਸਲਾ ਕੀਤਾ ਕਿ ਮੌਜੂਦਾ ਬੋਰਡ ਜਥੇਬੰਦੀ ਸਭ ਤੋਂ ਪਹਿਲਾਂ ਮੈਨੇਜਮੈਂਟ ਨਾਲ ਸਿੱਧਾ ਰਾਬਤਾ ਕਾਇਮ ਕਰੇਗੀ। ਜੇਕਰ ਸਕਾਰਾਤਮਕ ਨਤੀਜਾ ਨਾ ਨਿਕਲਿਆ ਤਾਂ ਸਾਰੀਆਂ ਜਥੇਬੰਦੀਆਂ (ਮੌਜੂਦਾ ਅਤੇ ਰਿਟਾਇਰੀ) ਇੱਕ ਵੱਡੀ ਸਾਂਝੀ ਰਣਨੀਤੀ ਤਿਆਰ ਕਰਕੇ ਅਗਲਾ ਕਦਮ ਚੁੱਕਣਗੀਆਂ। ਜਥੇਬੰਦੀ ਨੇ ਸਾਫ਼ ਕੀਤਾ ਕਿ ਕਰਮਚਾਰੀਆਂ ਦੇ ਹੱਕਾਂ, ਇੱਜ਼ਤ ਅਤੇ ਭਵਿੱਖ ਸਬੰਧੀ ਕਿਸੇ ਵੀ ਪੱਧਰ ਤੇ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਸਾਰੇ ਮੁੱਦਿਆਂ ਦਾ ਹੱਲ ਨਹੀਂ ਹੋ ਜਾਂਦਾ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਤੇ ਬਹਾਦਰ ਸਿੰਘ, ਲਖਬੀਰ ਸਿੰਘ, ਸਤਨਾਮ ਸਿੰਘ ਸੱਤਾ, ਗੁਰਚਰਨ ਸਿੰਘ ਤਰਮਾਲਾ, ਗੁਰਜੀਤ ਸਿੰਘ ਬੀਦੋਵਾਲੀ, ਸੀਮਾ ਸੂਦ, ਮਲਕੀਤ ਸਿੰਘ ਗੱਗੜ ਅਤੇ ਸੁਰਿੰਦਰ ਸਿੰਘ ਸਮੇਤ ਕਈ ਹੋਰ ਆਗੂ ਹਾਜ਼ਰ ਹੋਏ।