Punjab Politics : ਮੁੱਖ ਮੰਤਰੀ ਦੱਸਣ ਰਾਘਵ ਚੱਢਾ ਨੂੰ 50 ਨੰਬਰ ਹਾਊਸ ਕਿਸ ਹੈਸਿਅਤ ਨਾਲ ਦਿੱਤਾ ਸੀ : ਰਾਜਾ ਵੜਿੰਗ
ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਇਹ ਗੱਲ ਮੰਨਣ ਕਿ ਰਾਘਵ ਚੱਢਾ ਨੂੰ ਹਾਊਸ ਨੰਬਰ 50” ਅਲਾਟ ਕੀਤਾ ਗਿਆ ਸੀ, ਜਿਹੜਾ ਮੁੱਖ ਮੰਤਰੀ ਦੇ ਕੋਟੇ ਵਿਚ ਆਉਂਦਾ ਹੈ, ਦਾ ਜਿਕਰ ਕਰਦਿਆਂ, ਪੁੱਛਿਆ ਹੈ ਕਿ ਇਨ੍ਹਾਂ ਨੂੰ ਇਹ ਘਰ ਕਿਸ ਹੈਸਿਅਤ ਨਾਲ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।
Publish Date: Sat, 25 Apr 2026 07:26 PM (IST)
Updated Date: Sat, 25 Apr 2026 07:28 PM (IST)
ਪੰਜਾਬੀ ਜਾਗਰਣ ਬਿਊਰੋ,ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਅਤੇ ਉਸ ਤੋਂ ਬਾਅਦ ਹੋਏ ਖੁਲਾਸਿਆਂ ਨੇ ਕਾਂਗਰਸ ਦੇ ਪਿਛਲੇ ਚਾਰ ਸਾਲਾਂ ਦੇ ਪੱਖ ਨੂੰ ਸਹੀ ਸਾਬਤ ਕਰ ਦਿੱਤਾ ਹੈ ਕਿ ਆਪ ਨੇ ਪੰਜਾਬ ਦਾ ਸ਼ਾਸਨ ਦਿੱਲੀ ਦੀ ਲੀਡਰਸ਼ਿਪ ਦੇ ਹਵਾਲੇ ਕੀਤਾ ਹੋਇਆ ਸੀ।
ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਇਹ ਗੱਲ ਮੰਨਣ ਕਿ ਰਾਘਵ ਚੱਢਾ ਨੂੰ ਹਾਊਸ ਨੰਬਰ 50” ਅਲਾਟ ਕੀਤਾ ਗਿਆ ਸੀ, ਜਿਹੜਾ ਮੁੱਖ ਮੰਤਰੀ ਦੇ ਕੋਟੇ ਵਿਚ ਆਉਂਦਾ ਹੈ, ਦਾ ਜਿਕਰ ਕਰਦਿਆਂ, ਪੁੱਛਿਆ ਹੈ ਕਿ ਇਨ੍ਹਾਂ ਨੂੰ ਇਹ ਘਰ ਕਿਸ ਹੈਸਿਅਤ ਨਾਲ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਰਾਜ ਸਭਾ ਮੈੰਬਰਾਂ ਨੇ ਪੰਜਾਬ ਨਾਲ ਧੋਖਾ ਨਹੀਂ ਕੀਤਾ ਹੈ, ਕਿਉਂਕਿ ਪੰਜਾਬ ਅਤੇ ਪੰਜਾਬੀਆਂ ਨੂੰ ਇਨ੍ਹਾਂ ਤੋਂ ਕਦੇ ਕੋਈ ਉਮੀਦ ਹੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਅਸਲ ਧੋਖਾ ਉਸੇ ਦਿਨ ਹੋ ਗਿਆ ਸੀ, ਜਦੋਂ ਤੁਸੀਂ ਬਾਹਰਲਿਆਂ ਅਤੇ ਪੈਸੇ ਵਾਲਿਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ। ਉਹਨਾਂ ਨੇ ਕਿਹਾ ਕਿ ਆਪ ਆਪ ਆਪਣਾ ਬੀਜਿਆ ਹੋਇਆ ਹੀ ਵੱਢ ਰਹੀ ਹੈ।
ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਇਹ ਚੰਗਾ ਹੋਇਆ ਹੈ ਕਿ ਇਹ ਸੰਸਦ ਮੈਂਬਰ ਦਲ ਬਦਲ ਕਰ ਗਏ, ਕਿਉਂਕਿ ਇਸ ਨਾਲ ਆਪ ਨੂੰ ਕਈ ਗੱਲਾਂ ਮੰਨਣੀਆਂ ਅਤੇ ਖੋਲ੍ਹਣੀਆਂ ਪਈਆਂ ਹਨ, ਜਿਹੜੀਆਂ ਅਜੇ ਤੱਕ ਸਿਰਫ ਵਿਰੋਧੀ ਪਾਰਟੀਆਂ ਹੀ ਕਹਿ ਰਹੀਆਂ ਸਨ।
ਵੜਿੰਗ ਨੇ ਕਿਹਾ ਕਿ ਉਹ ਪੰਜਾਬ ਦੇ ਉਨ੍ਹਾਂ ਸਾਰੇ ਆਪ ਵਰਕਰਾਂ ਅਤੇ ਆਗੂਆਂ ਨਾਲ ਪੂਰੀ ਹਮਦਰਦੀ ਰੱਖਦੇ ਹਨ, ਜਿਨ੍ਹਾਂ ਦੀ ਮਿਹਨਤ ਨੂੰ ਨਜ਼ਰਅੰਦਾਜ਼ ਕਰਕੇ ਕਾਰੋਬਾਰੀਆਂ, ਉਦਯੋਗਪਤੀਆਂ, ਧਨਾਢ ਲੋਕਾਂ ਅਤੇ ਬਾਹਰਲਿਆਂ ਨੂੰ ਤਰਜੀਹ ਦਿੱਤੀ ਗਈ ਸੀ।