Punjab Politics : ਭਾਜਪਾ ਆਗੂ ਰੂਪਾ ਸੋਹਾਣਾ ਦੀ ਪਤਨੀ ਤੇ ਹੋਰ ਆਮ ਆਦਮੀ ਪਾਰਟੀ 'ਚ ਸ਼ਾਮਲ
ਮੁਹਾਲੀ ਨਗਰ ਨਿਗਮ ਚੋਣਾਂ ਦੇ ਐਨ ਮੌਕੇ ਭਾਜਪਾ ਨੂੰ ਮੁਹਾਲੀ ਹਲਕੇ ਵਿੱਚ ਵੱਡਾ ਝਟਕਾ ਲੱਗਿਆ। ਭਾਜਪਾ ਆਗੂ ਰੁਪਿੰਦਰ ਸਿੰਘ ਰੂਪਾ ਸੋਹਾਣਾ ਦੀ ਪਤਨੀ ਬੀਬੀ ਸ਼ਰਨਜੀਤ ਕੌਰ ਅਤੇ ਕਈ ਹੋਰਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਦਾ ਐਲਾਨ ਕੀਤਾ।
Publish Date: Wed, 13 May 2026 05:49 PM (IST)
Updated Date: Wed, 13 May 2026 05:51 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਮੁਹਾਲੀ ਨਗਰ ਨਿਗਮ ਚੋਣਾਂ ਦੇ ਐਨ ਮੌਕੇ ਭਾਜਪਾ ਨੂੰ ਮੁਹਾਲੀ ਹਲਕੇ ਵਿੱਚ ਵੱਡਾ ਝਟਕਾ ਲੱਗਿਆ। ਭਾਜਪਾ ਆਗੂ ਰੁਪਿੰਦਰ ਸਿੰਘ ਰੂਪਾ ਸੋਹਾਣਾ ਦੀ ਪਤਨੀ ਬੀਬੀ ਸ਼ਰਨਜੀਤ ਕੌਰ ਅਤੇ ਕਈ ਹੋਰਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਦਾ ਐਲਾਨ ਕੀਤਾ।
ਇਸ ਤੋਂ ਇਲਾਵਾ ਯੂਥ ਆਗੂ ਰੂਬਲ ਸੋਹਾਣਾ, ਜਗਜੋਤ ਸਿੰਘ, ਰਮਨਦੀਪ ਸਿੰਘ, ਗੁਰਦੀਪ ਸਿੰਘ, ਨਮਨਪ੍ਰੀਤ ਸਿੰਘ, ਹਰਸ਼ਦੀਪ ਸਿੰਘ ਅਤੇ ਗੌਰਵ ਵਰਮਾ ਨੇ ਵੀ ਆਪ ਦਾ ਪੱਲਾ ਫੜਿਆ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਇਨ੍ਹਾਂ ਸਾਰਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀ ਸਵਾ ਚਾਰ ਸਾਲ ਦੀ ਕਾਰਗੁਜ਼ਾਰੀ ਅਤੇ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਚ ਲੋਕ ਆਪ ਮੁਹਾਰੇ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਰਨਜੀਤ ਕੌਰ ਸੋਹਾਣਾ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਰਨਜੀਤ ਕੌਰ ਨੂੰ ਵਾਰਡ ਨੰਬਰ-39 ਤੋਂ ਨਗਰ ਨਿਗਮ ਚੋਣਾਂ ਲਈ ਟਿਕਟ ਦੇਣ ਦੀ ਪਾਰਟੀ ਹਾਈ ਕਮਾਂਡ ਨੂੰ ਜ਼ੋਰਦਾਰ ਸਿਫਾਰਿਸ਼ ਕੀਤੀ ਜਾਵੇਗੀ।
ਵਿਧਾਇਕ ਕੁਲਵੰਤ ਸਿੰਘ ਕਿਹਾ ਕਿ ਕੱਲ੍ਹ ਸਵੇਰੇ 11 ਵਜੇ ਤੱਕ ਨਗਰ ਨਿਗਮ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ।
ਇਸ ਮੌਕੇ ਆਪ ਆਗੂ ਕੁਲਦੀਪ ਸਿੰਘ ਸਮਾਣਾ, ਯੂਥ ਆਗੂ ਸਰਬਜੀਤ ਸਿੰਘ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਵੀ ਹਾਜ਼ਰ ਸਨ।