ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਨੇ ਬੀਐੱਸਐੱਫ ਨਾਲ ਮਿਲ ਕੇ ਪਾਕਿਸਤਾਨ ਨਾਲ ਜੁੜੇ ਇਕ ਕ੍ਰਾਸ-ਬਾਰਡਰ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਨੇ ਬੀਐੱਸਐੱਫ ਨਾਲ ਮਿਲ ਕੇ ਪਾਕਿਸਤਾਨ ਨਾਲ ਜੁੜੇ ਇਕ ਕ੍ਰਾਸ-ਬਾਰਡਰ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ’ਚ ਤਿੰਨ ਮੁਲਜ਼ਮਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 24.5 ਕਿੱਲੋਗ੍ਰਾਮ ਹੈਰੋਇਨ, 21 ਲੱਖ ਰੁਪਏ ਦੀ ਨਸ਼ੇ ਦੀ ਰਕਮ ਤੇ ਇਕ ਮਲਟੀ-ਕਾਪਟਰ ਡ੍ਰੋਨ ਬਰਾਮਦ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਨੂਰਵਾਲ ਵਾਸੀ ਜਗਜੀਤ ਸਿੰਘ ਉਰਫ਼ ਰਾਣਾ, ਪਿੰਡ ਔਲਖ ਖੁਰਦ ਵਾਸੀ ਮਨਪ੍ਰੀਤ ਸਿੰਘ ਉਰਫ਼ ਪ੍ਰੀਤ ਤੇ ਪਿੰਡ ਧੁਪਸਰੀ ਵਾਸੀ ਰੋਸ਼ਨ ਸਿੰਘ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਪਾਕਿਸਤਾਨ ’ਚ ਬੈਠੇ ਹੈਂਡਲਰਾਂ ਨਾਲ ਇਹ ਦੋਸ਼ੀ ਸਿੱਧੇ ਸੰਬੰਧ ਰੱਖਦੇ ਹਨ। ਡੂੰਘਾਈ ਨਾਲ ਕੀਤੀ ਗਈ ਤਕਨੀਕੀ ਜਾਂਚ ਦੇ ਆਧਾਰ 'ਤੇ ਇਸ ਪੂਰੇ ਨੈੱਟਵਰਕ ਨੂੰ ਤਬਾਹ ਕੀਤਾ ਗਿਆ ਹੈ। ਪੁਲਿਸ ਨੇ ਕਾਰਵਾਈ ਦੌਰਾਨ ਨਾ ਸਿਰਫ਼ ਭਾਰੀ ਮਾਤਰਾ ’ਚ ਹੈਰੋਇਨ ਤੇ ਨਕਦੀ ਬਰਾਮਦ ਕੀਤੀ, ਸਗੋਂ ਉਸ ਮਲਟੀ-ਕਾਪਟਰ ਡ੍ਰੋਨ ਨੂੰ ਵੀ ਜ਼ਬਤ ਕੀਤਾ, ਜਿਸ ਦਾ ਇਸਤੇਮਾਲ ਸਰਹੱਦ ਪਾਰ ਤੋਂ ਸਾਮਾਨ ਲਿਆਉਣ ’ਚ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਦੋ ਗੱਡੀਆਂ, ਜਿਨ੍ਹਾਂ ’ਚ ਇਕ ਮਹਿੰਦਰਾ ਥਾਰ ਐੱਸਯੂਵੀ ਸ਼ਾਮਲ ਹੈ, ਵੀ ਕਬਜ਼ੇ ’ਚ ਲੈ ਲਈਆਂ ਗਈਆਂ ਹਨ।
ਏਐੱਨਟੀਐੱਫ ਦੇ ਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਦੋ ਪੜਾਵਾਂ ’ਚ ਕੀਤੀ ਗਈ। ਪਹਿਲੇ ਪੜਾਅ ’ਚ 12.1 ਕਿੱਲੋ ਹੈਰੋਇਨ ਤੇ ਡ੍ਰੋਨ ਬਰਾਮਦ ਹੋਇਆ। ਡ੍ਰੋਨ ਦੇ ਫੋਰੈਂਸਿਕ ਤੇ ਤਕਨੀਕੀ ਡਾਟਾ, ਸਥਾਨ ਤੇ ਟਾਵਰ ਡੰਪ ਵਿਸ਼ਲੇਸ਼ਣ ਦੇ ਬਾਅਦ ਦੂਜੇ ਪੜਾਅ ’ਚ ਮਨਪ੍ਰੀਤ ਸਿੰਘ ਦੇ ਘਰ ਤੋਂ 12.4 ਕਿੱਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਕੁੱਲ ਬਰਾਮਦਗੀ 24.5 ਕਿੱਲੋ ਤੱਕ ਪਹੁੰਚ ਗਈ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁੱਖ ਦੋਸ਼ੀ ਜਗਜੀਤ ਰਾਣਾ ਨੇ ਨਸ਼ੇ ਦੇ ਪੈਸੇ ਨਾਲ ਪੋਸ਼ ਇਲਾਕਿਆਂ ’ਚ ਜਾਇਦਾਦਾਂ ਖਰੀਦੀਆਂ ਸਨ ਅਤੇ ਮਹਿੰਗੀਆਂ ਗੱਡੀਆਂ ਦਾ ਸ਼ੌਕ ਰੱਖਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਏਐੱਨਟੀਐੱਫ ਥਾਣੇ ਐੱਸਏਐੱਸ ਨਗਰ ’ਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 21(ਸੀ) ਤੇ 23 ਅਤੇ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 25, 26 ਤੇ 29 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਜਾਰੀ ਹੈ।