ਪੰਜਾਬ ਦੇ ਕਿਸਾਨਾਂ ਵੱਲੋਂ ਮੁਹਾਲੀ ਤੋਂ ਰਾਜ ਭਵਨ ਵੱਲ ਕੂਚ ਕਰਨ ਦਾ ਯਤਨ, ਕਿਸਾਨਾਂ ਨੇ ਬੈਰੀਕੇਟ ਤੋੜੇ,

ਫੋਟੋ ਕੈਪਸ਼ਨ : ਪੁਲਿਸ ਪਾਣੀ ਦੀਆਂ ਬੁਛਾੜਾਂ ਕਰਦੀ ਹੋਈ। ਫੋਟੋ : ਸੰਜੇ ਘਡਿਆਲ। 5ਪੀ
ਫੋਟੋ ਕੈਪਸ਼ਨ : ਪਾਣੀ ਦੀਆਂ ਬੁਛਾੜਾਂ ਕਾਰਨ ਜ਼ਖ਼ਮੀ ਹੋਇਆ ਕਿਸਾਨ। ਫੋਟੋ : ਸੰਜੇ ਘਡਿਆਲ। 6ਪੀ
ਫੋਟੋ ਕੈਪਸ਼ਨ : ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡਦੀ ਹੋਈ ਪੁਲਿਸ। ਫੋਟੋ : ਸੰਜੇ ਘਡਿਆਲ। 7ਪੀ
ਫੋਟੋ ਕੈਪਸ਼ਨ : ਪਾਣੀ ਦੀਆਂ ਬੁਛਾੜਾਂ ਕਾਰਨ ਲੱਥੀਆਂ ਕਿਸਾਨਾਂ ਦੀਆਂ ਪੱਗਾਂ। ਫੋਟੋ : ਸੰਜੇ ਘਡਿਆਲ। 8ਪੀ
* ਬੁੜੈਲ ਜੇਲ੍ਹ ਦੀ ਪਿਛਲੀ ਸੜਕ ’ਤੇ ਕਿਸਾਨਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਹੰਝੂ ਗੈਸ ਦੇ ਗੋਲੇ ਸੁੱਟੇ
* ਕਈ ਕਿਸਾਨਾਂ ਦੀਆਂ ਪੱਗਾਂ ਲੱਥੀਆਂ, ਕੁੱਝ ਕਿਸਾਨ ਤੇ ਪੱਤਰਕਾਰ ਵੀ ਜ਼ਖ਼ਮੀ ਹੋਏ, ਦੋ ਔਰਤਾਂ ਸਣੇ 30 ਕਿਸਾਨਾਂ ਨੂੰ ਹਿਰਾਸਤ ’ਚ ਲਿਆ, ਸ਼ਾਮ ਨੂੰ ਰਿਹਾਅ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਪੰਜਾਬ ਦੇ ਪਾਣੀਆਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਬੀਬੀਐੱਮਬੀ ਸਮੇਤ ਖੇਤੀਬਾੜੀ ਨਾਲ ਜੁੜੇ ਹੋਰ ਕਈ ਅਹਿਮ ਮਸਲਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਸ਼ੁੱਕਰਵਾਰ ਨੂੰ ਮੁਹਾਲੀ ਦੇ ਨੇਚਰ ਪਾਰਕ ਫੇਜ਼-8 ’ਚ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਰ ’ਚੋਂ ਕਿਸਾਨ, ਮਜ਼ਦੂਰ ਤੇ ਬੀਬੀਆਂ ਕਾਫ਼ਲੇ ਲੈ ਕੇ ਮੁਹਾਲੀ ਪੁੱਜੇ। ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲੀ।
ਪੰਜਾਬ ਦੇ ਕਿਸਾਨਾਂ ਨੇ ਇੱਥੇ ਉਪਰੋਕਤ ਮਸਲਿਆਂ ਸਬੰਧੀ ਲੰਬੀ ਵਿਚਾਰ-ਚਰਚਾ ਤੋਂ ਬਾਅਦ ਪੈਦਲ ਹੀ ਪੰਜਾਬ ਰਾਜ ਭਵਨ ਵੱਲ ਚਾਲੇ ਪਾ ਦਿੱਤੇ, ਜਿਸ ਦੀ ਅਗਵਾਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਸਿੰਘ ਲੱਖੋਵਾਲ ਤੇ ਹੋਰ ਪ੍ਰਮੁੱਖ ਕਿਸਾਨ ਆਗੂਆਂ ਨੇ ਕੀਤੀ। ਹਾਲਾਂਕਿ ਵਾਈਪੀਐੱਸ ਸਕੂਲ ਨੇੜੇ ਮੁਹਾਲੀ ਪੁਲਿਸ ਨੇ ਬੈਰੀਕੇਟ ਲਗਾ ਕੇ ਕਿਸਾਨਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਪੁਲਿਸ ਰੋਕਾਂ ਤੋੜ ਕੇ ਅੱਗੇ ਵਧਣ ’ਚ ਕਾਮਯਾਬ ਹੋ ਗਏ। ਇੰਜ ਹੀ ਦੂਜਾ ਬੈਰੀਅਰ ਵੀ ਪਾਰ ਗਏ ਪਰ ਬੁੜੈਲ ਜੇਲ੍ਹ ਦੀ ਪਿਛਲੀ ਸੜਕ ’ਤੇ ਯੂਟੀ ਪੁਲਿਸ ਵੱਲੋਂ ਤਿੰਨ ਲੇਅਰ ਵਾਲੀ ਜ਼ਬਰਦਸਤ ਬੈਰੀਕੇਟਿੰਗ ਕਰ ਕੇ ਕਿਸਾਨਾਂ ਨੂੰ ਰੋਕ ਲਿਆ। ਹਾਲਾਂਕਿ ਕਿਸਾਨਾਂ ਨੇ ਬੈਰੀਕੇਟ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪੁਲਿਸ ਪ੍ਰਬੰਧਾਂ ਅੱਗੇ ਕਿਸਾਨਾਂ ਦੀ ਕੋਈ ਵਾਹ ਨਹੀਂ ਚੱਲੀ। ਜਦੋਂ ਕਿਸਾਨਾਂ ਨੇ ਟਰੈਕਟਰਾਂ ਨਾਲ ਪੁਲਿਸ ਰੋਕਾਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੂੰ ਖਦੇੜਨ ਲਈ ਉਨ੍ਹਾਂ ’ਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਗਏ, ਜਿਸ ਕਾਰਨ ਕਈ ਕਿਸਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਦੋ ਕਿਸਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੌਰਾਨ ਕੁੱਝ ਮੀਡੀਆ ਕਰਮੀਆਂ ਨੂੰ ਸੱਟਾਂ ਲੱਗੀਆਂ ਹਨ। ਪ੍ਰਦਰਸ਼ਨ ਸਮੇਂ ਯੂਟੀ ਪੁਲਿਸ ਵੱਲੋਂ ਦੋ ਬੀਬੀਆਂ ਸਮੇਤ 25 ਤੋਂ 30 ਕਿਸਾਨਾਂ ਨੂੰ ਹਿਰਾਸਤ ’ਚ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ’ਚ ਰਿਹਾਅ ਵੀ ਕਰ ਦਿੱਤਾ ਗਿਆ।
ਇਸ ਦੇ ਰੋਸ ਵਜੋਂ ਪ੍ਰਦਰਸ਼ਨਕਾਰੀ ਕਿਸਾਨ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਵੀ ਨਹੀਂ ਗਏ ਤੇ ਉੱਥੋਂ ਹੀ ਵਾਪਸ ਮੁੜ ਆਏ। ਇਸ ਮੌਕੇ ਕਿਸਾਨਾਂ ਨੇ ਐਲਾਨ ਕੀਤਾ ਕਿ ਅੱਜ ਸ਼ਨਿਚਰਵਾਰ ਨੂੰ ਮੁਹਾਲੀ ਸਮੇਤ ਸਮੁੱਚੇ ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਪੰਜਾਬ ਦੇ ਰਾਜਪਾਲ ਤੇ ਭਾਜਪਾ ਦੇ ਪੁਤਲੇ ਸਾੜ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਅਗਲੇ ਐਕਸ਼ਨ ਦੀ ਰੂਪਰੇਖਾ ਉਲੀਕੀ ਜਾਵੇਗੀ।
ਇਸ ਤੋਂ ਪਹਿਲਾਂ ਮੁਹਾਲੀ ’ਚ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਜੋਗਿੰਦਰ ਸਿੰਘ ਉਗਰਾਹਾਂ, ਬਲਦੇਵ ਸਿੰਘ ਨਿਹਾਲਗੜ੍ਹ, ਰਜਿੰਦਰ ਸਿੰਘ, ਬੂਟਾ ਸਿੰਘ ਬੁਰਜਗਿੱਲ, ਮਨਜੀਤ ਸਿੰਘ ਪੰਧੇਰ ਤੇ ਪ੍ਰੇਮ ਸਿੰਘ ਭੰਗੂ ਨੇ ਬੀਬੀਐੱਮਬੀ ਬਾਰੇ ਪੰਜਾਬ ਵਿਰੋਧੀ ਨੋਟੀਫਿਕੇਸ਼ਨ ਫੌਰੀ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਪੰਜਾਬ ਦੀ ਰਾਜਧਾਨੀ ਤੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹਾਲੇ ਤੱਕ ਅੱਧ ਵਿਚਾਲੇ ਲਮਕਿਆ ਹੋਇਆ ਹੈ। ਪੰਜਾਬ ਤੇ ਦੇਸ਼ ਦੇ ਹੁਕਮਰਾਨ ਇਨ੍ਹਾਂ ਦਾ ਹੱਲ ਕਰਨ ਲਈ ਸੁਹਿਰਦ ਨਹੀਂ ਹਨ। ਹਰਿੰਦਰ ਸਿੰਘ ਲੱਖੋਵਾਲ ਨੇ ਕਿਸਾਨੀ ਮੁੱਦਿਆਂ ਦੇ ਹੱਲ ਲਈ ਸਾਨੂੰ ਸਾਰਿਆਂ ਨੂੰ ਸਾਂਝੀ ਲੜਾਈ ਲੜਨ ’ਤੇ ਜ਼ੋਰ ਦਿੱਤਾ।
ਧਰਨੇ ਨੂੰ ਗੁਰਮੀਤ ਸਿੰਘ ਮਹਿਮਾ, ਰੁਲਦੂ ਸਿੰਘ ਮਾਨਸਾ, ਡਾ. ਸਤਨਾਮ ਸਿੰਘ, ਰਮਿੰਦਰ ਸਿੰਘ ਪਟਿਆਲਾ, ਅਵਤਾਰ ਸਿੰਘ ਮਹਿਮਾ, ਬਲਵਿੰਦਰ ਸਿੰਘ ਰਾਜੂ ਔਲਖ, ਬਲਜੀਤ ਸਿੰਘ ਗਰੇਵਾਲ, ਹਰਜਿੰਦਰ ਸਿੰਘ ਟਾਂਡਾ, ਬਲਵਿੰਦਰ ਸਿੰਘ ਮੱਲੀਨੰਗਲ, ਕੰਵਲਜੀਤ ਸਿੰਘ ਪੰਨੂ, ਹਰਭਜਨ ਸਿੰਘ ਬੁੱਟਰ, ਵੀਰ ਸਿੰਘ ਬਾਜਵਾ, ਲੱਖਣਪਾਲ ਸ਼ਰਮਾ, ਤਰਸੇਮ ਸਿੰਘ ਹਰੀਕੇ, ਬੂਟਾ ਸਿੰਘ ਸ਼ਾਦੀਪੁਰ, ਸਤਨਾਮ ਸਿੰਘ ਅਜਨਾਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਜਸਪਾਲ ਸਿੰਘ ਨਿਆਮੀਆਂ, ਅੰਗੇਰਜ਼ ਸਿੰਘ, ਰਵਿੰਦਰ ਸਿੰਘ ਦੇਹਕਲਾਂ, ਦਵਿੰਦਰ ਸਿੰਘ ਦੇਹਕਲਾਂ, ਲਖਵਿੰਦਰ ਸਿੰਘ ਕਰਾਲਾ, ਰਵਿੰਦਰ ਸਿੰਘ ਵਜੀਦਪੁਰ, ਤਰਲੋਚਨ ਸਿੰਘ ਰਾਓਮਾਜਰਾ, ਜੰਗਬੀਰ ਸਿੰਘ ਚੌਹਾਨ, ਸਤਨਾਮ ਸਿੰਘ ਪੰਨੂ, ਰਜਿੰਦਰ ਦੀਪ ਸਿੰਘਆਲਾ ਸਮੇਤ ਹੋਰ ਕਿਸਾਨ ਵੱਡੀ ਗਿਣਤੀ ’ਚ ਹਾਜ਼ਰ ਸਨ।
ਪੁਲਿਸ ਵੱਲੋਂ ਲਾਈਆਂ ਰੋਕਾਂ ਕਾਰਨ ਸਥਿਤੀ ਬਣੀ ਤਣਾਅਪੂਰਨ
ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਤੇ ਚੰਡੀਗੜ੍ਹ ਦੀ ਡੀਐੱਸਪੀ ਗੁਰਜੀਤ ਕੌਰ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨਾਲ ਗੱਲਬਾਤ ਕੀਤੀ ਤੇ ਕਿਸਾਨਾਂ ਨੂੰ ਰੋਸ ਮਾਰਚ ਨਾ ਕਰਨ ਦੀ ਅਪੀਲ ਕਰਦਿਆਂ ਇੱਥੇ ਹੀ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਲਈ ਕਿਹਾ ਗਿਆ ਪਰ ਕਿਸਾਨਾਂ ਨੇ ਪੁਲਿਸ ਨੂੰ ਕੋਰਾ ਜਵਾਬ ਦਿੰਦੇ ਹੋਏ ਸਪੱਸ਼ਟ ਆਖਿਆ ਕਿ ਉਹ ਹਰ ਹਾਲ ’ਚ ਚੰਡੀਗੜ੍ਹ ਵੱਲ ਕੂਚ ਕਰਨਗੇ। ਨਾਲ ਹੀ ਕਿਸਾਨਾਂ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦਾ ਇਹ ਪ੍ਰਦਰਸ਼ਨ ਬਿਲਕੁੱਲ ਸ਼ਾਂਤਮਈ ਤਰੀਕੇ ਨਾਲ ਹੋਵੇਗਾ ਪਰ ਬਾਅਦ ਵਿਚ ਪੁਲਿਸ ਵੱਲੋਂ ਲਾਈਆਂ ਰੋਕਾਂ ਕਾਰਨ ਅਚਾਨਕ ਸਥਿਤੀ ਤਣਾਅ ਪੂਰਨ ਹੋ ਗਈ।