ਲੋਕ ਹਿੱਤ ਮਿਸ਼ਨ ਵੱਲੋਂ ਪੀਯੂ ਚੰਡੀਗੜ੍ਹ ਤੇ ਹੋਰ ਮੁੱਦਿਆਂ ਸਬੰਧੀ ਵਿਚਾਰਾਂ
ਲੋਕ ਹਿੱਤ ਮਿਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਹੋਰ ਮੁੱਦਿਆਂ ਸਬੰਧੀ ਬੈਠਕ
Publish Date: Sat, 08 Nov 2025 07:48 PM (IST)
Updated Date: Sat, 08 Nov 2025 07:49 PM (IST)

10 ਨਵੰਬਰ ਨੂੰ ਕਾਫ਼ਲਾ ਯੂਨੀਵਰਸਿਟੀ ਲਈ ਹੋਵੇਗਾ ਰਵਾਨਾ ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਨਿਊ ਚੰਡੀਗੜ੍ਹ ਵਿਖੇ ਲੋਕ ਹਿੱਤ ਮਿਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਹੋਰ ਮੁੱਦਿਆਂ ਸਬੰਧੀ ਵਿਸ਼ਾਲ ਬੈਠਕ ਕੀਤੀ ਗਈ। ਇਸ ਦੌਰਾਨ 10 ਨਵੰਬਰ ਨੂੰ ਮਾਜਰੀ ਬਲਾਕ ਤੋਂ ਵੱਡੇ ਕਾਫ਼ਲੇ ਸਮੇਤ ਯੂਨੀਵਰਸਿਟੀ ਦੇ ਰੋਸ ਧਰਨੇ ਚ ਸ਼ਾਮਲ ਹੋਣ ਅਤੇ ਇਲਾਕੇ ਚ ਭ੍ਰਿਸ਼ਟਾਚਾਰ ਤੇ ਆਵਾਰਾ ਪਸ਼ੂਆਂ ਦੇ ਮੁੱਦੇ ’ਤੇ ਮੁਹਿੰਮ ਆਰੰਭਣ ਦਾ ਫ਼ੈਸਲਾ ਕੀਤਾ ਗਿਆ। ਇਸ ਸਬੰਧੀ ਜਿੱਥੇ ਮਿਸ਼ਨ ਆਗੂ ਗੁਰਮੀਤ ਸਿੰਘ ਸਾਂਟੂ, ਭਾਈ ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤਮਾਜਰਾ, ਮਨਦੀਪ ਸਿੰਘ ਖਿਜ਼ਰਾਬਾਦ, ਪਰਮਜੀਤ ਸਿੰਘ ਪੰਮੀ ਮਾਵੀ, ਸੋਹਣ ਸਿੰਘ ਸੰਗਤਪੁਰਾ, ਬਚਨ ਸਿੰਘ ਮੁੰਧੋਂ, ਹਰਜੀਤ ਸਿੰਘ ਢਕੋਰਾਂ ਤੇ ਜਸਬੀਰ ਸਿੰਘ ਨਿਆਗਾਓਂ ਨੇ ਕਿਹਾ ਕਿ ਮਿਸ਼ਨ ਵੱਲੋਂ ਯੂਨੀਵਰਸਿਟੀ ਦੇ ਸੰਘਰਸ਼ ਚ ਡੱਟਣ ਦਾ ਐਲਾਨ ਕੀਤਾ ਹੈ, ਉੱਥੇ ਹੀ ਹੜ੍ਹਾਂ ਦੌਰਾਨ ਖ਼ਰਾਬ ਹੋਈ ਜ਼ਮੀਨ ਪੱਧਰਾ ਕਰਨ ਲਈ ਡੀਜ਼ਲ ਦੀ ਸੇਵਾ ਭੇਜਣ ਤੇ ਇਲਾਕੇ ਦੇ ਸਰਕਾਰੀ ਦਫ਼ਤਰਾਂ ਚ ਰਿਸ਼ਵਤ ਅਤੇ ਸੜਕਾਂ ’ਤੇ ਮੌਤ ਦਾ ਖੌਅ ਬਣੇ ਆਵਾਰਾ ਪਸ਼ੂਆਂ ਸਬੰਧੀ ਮੁਹਿੰਮ ਤੇਜ਼ ਕਰਨ ਦਾ ਵੀ ਐਲਾਨ ਕੀਤਾ ਹੈ। ਮਿਸ਼ਨ ਦੇ ਧਾਰਮਿਕ ਵਿੰਗ ਵੱਲੋਂ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਸਬੰਧੀ ਗੁਰਮਤਿ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ। ਇਸੇ ਦੌਰਾਨ ਯੂਨੀਵਰਸਿਟੀ ਤੋਂ ਪੁੱਜੇ ਸੱਥ ਦੇ ਵਿਦਿਆਰਥੀ ਆਗੂ ਜੋਧ ਸਿੰਘ ਅਤੇ ਮਿਸ਼ਲ ਸਤਲੁੱਜ ਦੇ ਆਗੂ ਹਰਜੀਤ ਸਿੰਘ ਖਿਜ਼ਰਾਬਾਦ ਨੇ ਯੂਨੀਵਰਸਿਟੀ ਦੇ ਮਸਲੇ ਬਾਰੇ ਕੇਂਦਰ ਦੀ ਨੀਅਤ, ਪਿਛਲੇ ਸਮੇਂ ਦੇ ਆਗੂਆਂ ਵੱਲੋਂ ਇਸ ਪ੍ਰਤੀ ਕੀਤੀਆਂ ਗਲਤੀਆਂ ਅਤੇ ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਬਰਕਰਾਰ ਰੱਖਣ ਲਈ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮੁੱਦਈ ਬਣਨ ਦੀ ਅਪੀਲ ਕੀਤੀ ਅਤੇ 10 ਨਵੰਬਰ ਨੂੰ ਵੱਧ ਚੜ੍ਹਕੇ ਯੂਨੀਵਰਸਿਟੀ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ ਤੋਗਾਂ, ਬਹਾਦਰ ਸਿੰਘ ਮੁੰਧੋਂ, ਗੁਰਸ਼ਰਨ ਸਿੰਘ ਨੱਗਲ, ਬਹਾਦਰ ਸਿੰਘ ਚਾਹੜਮਾਜਰਾ, ਕੁਲਵੰਤ ਸਿੰਘ ਸੰਗਤਪੁਰਾ, ਬਬਲੂ ਬਾਂਸੇਪੁਰ, ਗੁਰਮੇਲ ਸਿੰਘ ਮੰਡ, ਦਰਸ਼ਨ ਸਿੰਘ ਖੇੜਾ, ਜਸਵੀਰ ਸਿੰਘ ਲਾਲਾ ਸਲੇਮਪੁਰ, ਗੁਰਦੀਪ ਸਿੰਘ ਮਹਿਰਮਪੁਰ, ਗੁਰਪ੍ਰੀਤ ਸਿੰਘ ਫਿਰੋਜ਼ਪੁਰ, ਸੇਠੀ ਦੁਸਾਰਨਾ ਤੇ ਸੋਨੀ ਦੁਸਾਰਨਾ ਆਦਿ ਅਹੁਦੇਦਾਰ ਵੀ ਹਾਜ਼ਰ ਸਨ।