ਸਾਂਝੇ ਅਧਿਆਪਕ ਮੋਰਚੇ ਦੇ ਸੱਦੇ ’ਤੇ ਧਰਨਾ ਤੇ ਰੋਸ ਮਾਰਚ ਕੱਢਿਆ
ਸਾਂਝੇ ਅਧਿਆਪਕ ਮੋਰਚੇ ਦੇ ਸੱਦੇ ’ਤੇ ਧਰਨਾ ਤੇ ਰੋਸ ਮਾਰਚ
Publish Date: Mon, 09 Mar 2026 07:09 PM (IST)
Updated Date: Mon, 09 Mar 2026 07:12 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ’ਤੇ ਦਿੱਤੇ ਪ੍ਰੋਗਰਾਮ ਆਨੁਸਾਰ ਮੁਹਾਲੀ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੇਜ਼ 6 ਵਿਚ ਰੈਲੀ ਕਰਨ ਉਪਰੰਤ ਚੰਡੀਗੜ੍ਹ ਪੁਲਿਸ ਵੱਲੋਂ ਲਾਏ ਬੈਰੀਕੇਟਾਂ ’ਤੇ ਧਰਨੇ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਤਾਂ ਅਗਲੇ ਸੰਘਰਸ਼ ਹੋਰ ਤਿੱਖੇ ਹੋਣਗੇ। ਸੂਬਾ ਕਨਵੀਨਰ ਸੁਖਦੇਵ ਸੈਣੀ, ਐੱਨਕੇ ਕਲਸੀ, ਭਜਨ ਸਿੰਘ ਗਿੱਲ, ਕੁਲਦੀਪ ਸਿੰਘ ਉਦੋਕੇ, ਸ਼ਾਮ ਲਾਲ ਸ਼ਰਮਾ, ਬਾਜ਼ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣ-ਦੇਖਿਆ ਕਰ ਰਹੀ ਹੈ। ਜਿਸ ਕਾਰਨ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਜ਼ ਤਿੱਖੇ ਸੰਘਰਸ਼ ਕਰਨ ਲਈ ਮਜ਼ਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਫ਼ੈਸਲੇ ਮੁਤਾਬਿਕ 11 ਮਾਰਚ ਤੱਕ ਮੁਹਾਲੀ ਫੇਸ 6 ਮੈਕਸ ਹਸਪਤਾਲ ਦੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਮਾਰਕੀਟ ਦੇ ਨਜ਼ਦੀਕ ਸੂਬਾ ਪੱਧਰੀ ਧਰਨਾ ਰੈਲੀ ਅਤੇ ਰੋਸ ਮਾਰਚ ਕੱਢੇ ਜਾਣਗੇ। ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ, ਬੋਰਡਾਂ ਤੇ ਕਾਰਪੋਰੇਸ਼ਨਾਂ ਵਿਚ ਕੰਮ ਕਰਦੇ ਸਮੂਹ ਕੱਚੇ, ਠੇਕਾ ਆਧਾਰਤ, ਤੇ ਆਊਟਸੋਰਸ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕਰਵਾਉਣ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੀਐੱਫਆਰ ਡੀਏ ਐਕਟ ਰੱਦ ਕਰ ਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖਾਹ ਸਕੇਲ ਦਿਵਾਉਣ, ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਤੁਰੰਤ ਸੱਤਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਬਜਟ ਸੈਸ਼ਨ ਦੌਰਾਨ ਉਲੀਕੇ ਐਕਸ਼ਨ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ 8 ਤੋਂ 11 ਮਾਰਚ ਤੱਕ ਰੋਜ਼ ਰੋਸ ਰੈਲੀਆਂ ਤੇ ਮਾਰਚ ਹੋ ਰਹੇ ਹਨ। ਆਗੂਆਂ ਨੇ ਕੱਲ ਪੰਜਾਬ ਪੁਲਿਸ ਦੀ ਸ਼ਹਿ ’ਤੇ ਚੰਡੀਗੜ੍ਹ ਪੁਲਿਸ ਵੱਲੋਂ ਮੁਲਾਜ਼ਮ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਦਬਾਉਣ ਲਈ ਜਲ ਤੋਪਾਂ, ਅੱਥਰੂ ਗੈਸ ਦੇ ਗੋਲੇ ਤੇ ਲਾਠੀਚਾਰਜ ਕੀਤਾ ਗਿਆ, ਜਿਸ ਵਿਚ ਕਾਫ਼ੀ ਸਾਥੀ ਜ਼ਖ਼ਮੀ ਹੋਏ, ਜਿਨ੍ਹਾਂ ਵਿਚ ਔਰਤ ਸਾਥੀ ਵੀ ਸ਼ਾਮਲ ਸਨ, ਜਿਸ ਸੁੱਤੇ ਨਿੰਦਾ ਪ੍ਰਸਤਾਵ ਪਾਸ ਕਰ ਕੇ ਸਰਕਾਰ ਖ਼ਿਲਾਫ਼ ਪੂਰੀ ਤਰ੍ਹਾਂ ਡੱਟਣ ਦਾ ਅਹਿਦ ਲਿਆ ਗਿਆ। ਆਗੂਆਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਬਿਜਲੀ ਬਿੱਲ ਸੋਧ 2025 ਰੱਦ ਕੀਤਾ ਜਾਵੇ, ਨਵੇਂ ਚਾਰ ਲੇਬਰ ਕੋਡ ਰੱਦ ਕਰਨ ਆਦਿ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ 16 ਫ਼ੀਸਦੀ ਡੀਏ ਦੀਆਂ ਕਿਸ਼ਤਾਂ ਅਤੇ ਤਨਖਾਹ ਕਮਿਸ਼ਨ ਦਾ ਬਕਾਇਆ, ਪੈਨਸ਼ਨਰਾਂ ਨੂੰ 2.59 ਦਾ ਗੁਣਾਕ, ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ, ਠੇਕੇ ਅਤੇ ਆਊਟ ਸੋਰਸ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਮਾਣ ਭੱਤਾ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜਰਤਾ ਦੇ ਘੇਰੇ ਵਿਚ ਲਿਆਂਦਾ ਜਾਵੇ। ਇਸ ਮੌਕੇ ਕੁਲਬੀਰ ਮੋਗਾ, ਗੁਰਨਾਮ ਸਿੰਘ ਔਲਖ, ਕਰਤਾਰ ਪਾਲ ਸਿੰਘ, ਹਰਜੀਤ ਸਿੰਘ ਤਰਖਾਣ ਮਾਜਰਾ, ਕੁਲਦੀਪ ਸਿੰਘ ਖੰਨਾ, ਸ਼ੀਸਨ ਕੁਮਾਰ, ਦਰਸ਼ਨ ਲਹਿਰਾ, ਜਗਦੀਸ਼ ਚੰਦਰ ਸ਼ਰਮਾ, ਬਲਵਿੰਦਰ ਸਿੰਘ, ਬੀਐੱਸ ਸੈਣੀ, ਇੰਦਰਜੀਤ ਸਿੰਘ ਸਮੇਤ ਵੱਖ-ਵੱਖ ਬੁਲਾਰਿਆਂ ਨੇ ਰੈਲੀ ਨੂੰ ਸੰਬੋਧਨ ਕੀਤਾ।