ਕ੍ਰਿਕਟ ਪ੍ਰੇਮੀਆਂ ਨੂੰ ਬਿਹਤਰ ਤਜਰਬਾ ਮੁਹੱਈਆ ਕਰਨ ਲਈ ਪੁਖ਼ਤਾ ਪ੍ਰਬੰਧ ਬੇਹੱਦ ਜ਼ਰੂਰੀ : ਮੀਤ ਹੇਅਰ
ਕ੍ਰਿਕਟ ਪ੍ਰੇਮੀਆਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਪੁਖ਼ਤਾ ਪ੍ਰਬੰਧ ਬੇਹੱਦ ਜ਼ਰੂਰੀ : ਮੀਤ ਹੇਅਰ,
Publish Date: Thu, 26 Mar 2026 07:14 PM (IST)
Updated Date: Thu, 26 Mar 2026 07:17 PM (IST)

ਮੀਤ ਹੇਅਰ ਅਤੇ ਦੀਪਕ ਬਾਲੀ ਨੇ ਆਈਪੀਐੱਲ ਮੈਚ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜ਼ਾ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2026 ਦੇ ਹਿੱਸੇ ਵਜੋਂ 31 ਮਾਰਚ ਨੂੰ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦਰਮਿਆਨ ਹੋਣ ਵਾਲੇ ਮੈਚ ਦੇ ਮੱਦੇਨਜ਼ਰ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਪੀਸੀਏ ਦੇ ਨਵੇਂ ਚੁਣੇ ਗਏ ਸਕੱਤਰ ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੀਸੀਏ ਦੇ ਉਪ ਪ੍ਰਧਾਨ ਦੀਪਕ ਬਾਲੀ ਨੇ ਕ੍ਰਿਕਟ ਸਟੇਡੀਅਮ, ਮੁੱਲਾਂਪੁਰ, ਨਿਊ ਚੰਡੀਗੜ੍ਹ ਦਾ ਦੌਰਾ ਕੀਤਾ। ਡੀਸੀ, ਮੁਹਾਲੀ ਕੋਮਲ ਮਿੱਤਲ ਅਤੇ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਪਤਵੰਤਿਆਂ ਸਮੇਤ ਸਟੇਡੀਅਮ ਦੇ ਨਾਲ-ਨਾਲ ਬੈਠਣ ਵਾਲੇ ਵੱਖ-ਵੱਖ ਬਲਾਕਾਂ, ਸਟੇਡੀਅਮ ਤੱਕ ਪਹੁੰਚਣ ਵਾਲੇ ਰਸਤੇ, ਪਾਰਕਿੰਗ ਸਹੂਲਤਾਂ, ਸੁਰੱਖਿਆ ਉਪਾਵਾਂ ਦਾ ਜਾਇਜ਼ਾ ਲਿਆ ਅਤੇ ਭੀੜ ਦੇ ਸੁਚਾਰੂ ਪ੍ਰਬੰਧਨ ਦੇ ਮਹੱਤਵਪੂਰਨ ਮੁੱਦੇ ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਤਾਂ ਜੋ ਲੋਕਾਂ ਨੂੰ ਕ੍ਰਿਕਟ ਦਾ ਨਿਰਵਿਘਨ ਅਤੇ ਬਿਹਤਰ ਅਨੁਭਵ ਪ੍ਰਦਾਨ ਕੀਤਾ ਜਾ ਸਕੇ। ਹਰ ਪਹਿਲੂ ਸਬੰਧੀ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਤੇ ਜ਼ੋਰ ਦਿੰਦਿਆਂ ਮੀਤ ਹੇਅਰ ਨੇ ਦੱਸਿਆ ਕਿ ਸੁਚਾਰੂ ਢੰਗ ਨਾਲ ਮੈਚ ਕਰਵਾਉਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਨਾਲ ਮਹੱਤਵਪੂਰਨ ਮੈਚਾਂ ਦੇ ਮੇਜ਼ਬਾਨ ਵਜੋਂ ਪੰਜਾਬ ਨਾਂ ਉਭਰ ਕੇ ਸਾਹਮਣੇ ਆਏਗਾ, ਜਿਸ ਨਾਲ ਭਵਿੱਖ ਚ ਵੀ ਸੂਬੇ ਵਿਚ ਵੱਕਾਰੀ ਟੂਰਨਾਮੈਂਟ ਕਰਵਾਏ ਜਾ ਸਕਦੇ ਹਨ। ਉਨ੍ਹਾਂ ਨੇ ਇਸ ਸਾਲ ਦੇ ਅੰਤ ਵਿਚ ਏਸ਼ੀਅਨ ਚੈਂਪੀਅਨਜ਼ ਟਰਾਫ਼ੀ, ਹਾਕੀ ਟੂਰਨਾਮੈਂਟ ਦੇ ਮੇਜ਼ਬਾਨ ਵਜੋਂ ਪੰਜਾਬ ਨੂੰ ਚੁਣੇ ਜਾਣ ਦਾ ਵੀ ਜ਼ਿਕਰ ਕੀਤਾ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਰਮਿਆ ਮੁਕੰਮਲ ਤਾਲਮੇਲ ਦੀ ਵਕਾਲਤ ਕਰਦਿਆਂ ਪੀਸੀਏ ਦੇ ਉਪ ਪ੍ਰਧਾਨ ਦੀਪਕ ਬਾਲੀ ਨੇ ਕਿਹਾ ਕਿ 31 ਮਾਰਚ ਨੂੰ ਹੋਣ ਵਾਲੇ ਮੈਚ ਤੋਂ ਇਲਾਵਾ, ਸਟੇਡੀਅਮ ਵਿਚ 3 ਹੋਰ ਮੈਚ ਕਰਵਾਏ ਜਾਣਗੇ, ਜੋ ਕਿ ਪੰਜਾਬ ਸਰਕਾਰ ਲਈ ਬਹੁਤ ਮਾਣ ਵਾਲੀ ਗੱਲ ਹੈ। ਦੀਪਕ ਬਾਲੀ ਨੇ ਅੱਗੇ ਕਿਹਾ ਕਿ ਸਮੇਂ ਦੇ ਨਾਲ ਇਹ ਸਟੇਡੀਅਮ ਵਿਸ਼ਵ ਦੇ ਨਕਸ਼ੇ ਤੇ ਵੱਕਾਰੀ ਟੂਰਨਾਮੈਂਟਾਂ ਦੇ ਕੇਂਦਰ ਵਜੋਂ ਉੱਭਰ ਰਿਹਾ ਹੈ।