ਹੈਂਡਰਸਨ ਸਕੂਲ ਦੀ ਵਿਦਿਆਰਥਣ ਪ੍ਰੀਆ ਨੇ ਪੰਜਾਬ ਭਰ ’ਚੋਂ 17ਵਾਂ ਸਥਾਨ ਕੀਤਾ ਪ੍ਰਾਪਤ
ਹੈਂਡਰਸਨ ਸਕੂਲ ਦੀ ਵਿਦਿਆਰਥਣ ਪ੍ਰੀਆ ਨੇ ਪੰਜਾਬ ਭਰ ’ਚੋਂ 17ਵਾਂ ਸਥਾਨ ਕੀਤਾ ਪ੍ਰਾਪਤ
Publish Date: Mon, 11 May 2026 09:39 PM (IST)
Updated Date: Mon, 11 May 2026 09:42 PM (IST)

- ਡਾਕਟਰ ਬਣ ਕੇ ਪਿਤਾ ਦਾ ਸਹਾਰਾ ਬਣਨਾ ਚਾਹੁੰਦੀ ਹਾਂ : ਪ੍ਰੀਆ ਮਹਿਰਾ, ਪੰਜਾਬੀ ਜਾਗਰਣ ਖਰੜ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜਿਆਂ ’ਚ ਹੈਂਡਰਸਨ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਨੇ ਪੰਜਾਬ ਭਰ ’ਚ 17ਵਾਂ ਸਥਾਨ ਪ੍ਰਾਪਤ ਕਰਕੇ ਜਿੱਥੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ, ਉੱਥੇ ਸ਼ਹਿਰ ਅਤੇ ਮਾਪਿਆਂ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਦਸਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਪ੍ਰੀਆ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਆਏ ਨਤੀਜੇ ਵਿਚ 650 ਅੰਕਾਂ ’ਚੋਂ 628 ਅੰਕ ਪ੍ਰਾਪਤ ਕਰ ਕੇ ਪੰਜਾਬ ਭਰ ਵਿਚ 17ਵਾਂ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਆ ਤਿੰਨ ਭੈਣਾਂ ਵਿਚ ਸਭ ਤੋਂ ਵੱਡੀ ਹੈ ਅਤੇ ਹਰ ਸਮੇਂ ਪੜ੍ਹਦੇ ਰਹਿਣਾ ਉਸ ਦਾ ਜੀਵਨ ਮਨੋਰਥ ਹੈ ਅਤੇ ਉਹ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ। ਜਦੋਂ ਪ੍ਰੀਆ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਬਚਪਨ ਤੋਂ ਹੀ ਪੜ੍ਹਾਈ ਵਿਚ ਲਗਨ ਹੈ ਅਤੇ ਉਹ ਵੱਡੇ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਅਗਲੇਰੀ ਮੈਡੀਕਲ ਦੀ ਪੜ੍ਹਾਈ ਲਈ ਉਸਨੇ ਸਕੂਲ ਆਫ਼ ਐਮੀਨੈਂਸ ਖਰੜ ਵਿਖੇ ਦਾਖ਼ਲਾ ਲੈ ਲਿਆ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਉਸ ਨੂੰ ਪੜ੍ਹਾਈ ਦੀ ਚੇਟਕ ਆਪਣੇ ਪਿਤਾ ਨੂੰ ਸਖ਼ਤ ਮਿਹਨਤ ਕਰਦਿਆਂ ਆਉਂਦੀ ਹੈ ਅਤੇ ਉਹ ਵੱਡੇ ਹੋ ਕੇ ਆਪਣੇ ਪਿਤਾ ਦਾ ਸਹਾਰਾ ਬਣਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਪ੍ਰੀਆ ਦੇ ਪਿਤਾ ਬਾਰ੍ਹਵੀਂ ਪਾਸ ਹਨ ਅਤੇ ਇਕ ਪ੍ਰਾਈਵੇਟ ਕੰਪਨੀ ਵਿਚ ਡਿਲੀਵਰੀ ਮੈਨ ਦਾ ਕੰਮ ਕਰਦੇ ਹਨ, ਜਦਕਿ ਉਨ੍ਹਾਂ ਦੀ ਪਤਨੀ ਘਰੇਲੂ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਹੋਰ ਛੋਟੀਆਂ ਬੇਟੀਆਂ ਹਨ, ਜੋਕਿ ਹੈਂਡਰਸਨ ਮੈਮੋਰੀਅਲ ਸਕੂਲ ਵਿਚ ਹੀ ਪੜ੍ਹ ਰਹੀਆਂ ਹਨ। ਇਸ ਮੌਕੇ ਸਕੂਲ ਚੇਅਰਮੈਨ ਅਤੇ ਬਿਸ਼ਪ ਪਾਦਰੀ ਦਰਬਾਰਾ ਸਿੰਘ ਨੇ ਵਿਦਿਆਰਥਣ ਦੀ ਇਸ ਉਪਲਬੱਧੀ ’ਤੇ ਸਕੂਲ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਨਾਲ ਵਧੀਆ ਨਤੀਜੇ ਪ੍ਰਾਪਤ ਹੁੰਦੇ ਹਨ। ਇਸ ਮੌਕੇ ਸਮੂਹ ਸਕੂਲ ਸਟਾਫ਼ ਸਮੇਤ ਵਿਦਿਆਰਥਣ ਦੇ ਪਿਤਾ ਵੀਰਿੰਦਰ ਕੁਮਾਰ ਵੀ ਮੌਜੂਦ ਸਨ।