ਪਿੰਡ ਸਮਗੌਲੀ ’ਚ 36 ਘੰਟਿਆਂ ਤੋਂ ਬਿਜਲੀ ਗੁੱਲ, ਲੋਕਾਂ ’ਚ ਭਾਰੀ ਰੋਸ
ਪਿੰਡ ਸਮਗੌਲੀ ’ਚ 36 ਘੰਟਿਆਂ ਤੋਂ ਬਿਜਲੀ ਗੁੱਲ, ਲੋਕਾਂ ’ਚ ਭਾਰੀ ਰੋਸ
Publish Date: Mon, 04 May 2026 06:11 PM (IST)
Updated Date: Mon, 04 May 2026 06:11 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਦੇ ਨਜ਼ਦੀਕੀ ਪਿੰਡ ਸਮਗੌਲੀ ਦੇ ਵਸਨੀਕ ਪਿਛਲੇ 36 ਘੰਟਿਆਂ ਤੋਂ ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਲੰਮੇ ਸਮੇਂ ਤੋਂ ਲੱਗੇ ਇਸ ਕੱਟ ਕਾਰਨ ਪਿੰਡ ਵਾਸੀਆਂ ਦਾ ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ ਹੈ, ਪਰ ਵਿਭਾਗ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਵਿਚ ਪਾਵਰਕਾਮ ਵਿਰੁੱਧ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਡੇਢ ਦਿਨ ਤੋਂ ਬਿਜਲੀ ਨਾ ਆਉਣ ਕਰਕੇ ਘਰਾਂ ਵਿਚ ਲੱਗੀਆਂ ਪਾਣੀ ਦੀਆਂ ਮੋਟਰਾਂ ਬੰਦ ਪਈਆਂ ਹਨ, ਜਿਸ ਕਾਰਨ ਪੀਣ ਵਾਲੇ ਪਾਣੀ ਦੀ ਗੰਭੀਰ ਕਿੱਲਤ ਪੈਦਾ ਹੋ ਗਈ ਹੈ। ਭਿਆਨਕ ਗਰਮੀ ਅਤੇ ਹੁੰਮਸ ਦੇ ਇਸ ਮੌਸਮ ਵਿਚ ਬਿਜਲੀ ਨਾ ਹੋਣ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਦਾ ਹਾਲ ਬੇਹਾਲ ਹੈ। ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਅਤੇ ਸ਼ਿਕਾਇਤ ਕੇਂਦਰ ’ਤੇ ਕਈ ਵਾਰ ਸੰਪਰਕ ਕੀਤਾ ਹੈ। ਹਰ ਵਾਰ ਉਨ੍ਹਾਂ ਨੂੰ ਸਿਰਫ਼ ਭਰੋਸਾ ਹੀ ਦਿੱਤਾ ਜਾਂਦਾ ਹੈ ਕਿ ਕੰਮ ਚੱਲ ਰਿਹਾ ਹੈ ਜਾਂ ਜਲਦੀ ਬਿਜਲੀ ਆ ਜਾਵੇਗੀ ਪਰ 36 ਘੰਟੇ ਬੀਤ ਜਾਣ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਰੋਸ ਪ੍ਰਗਟ ਕਰਦਿਆਂ ਪਿੰਡ ਦੇ ਮੋਹਤਬਰਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਬਿਜਲੀ ਦੀ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਉਹ ਪਾਵਰਕਾਮ ਵਿਭਾਗ ਦੇ ਦਫ਼ਤਰ ਦਾ ਘਿਰਾਓ ਕਰਨ ਅਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਖ਼ਰਾਬ ਹੋਈਆਂ ਤਾਰਾਂ ਜਾਂ ਟਰਾਂਸਫਾਰਮਰ ਦੀ ਤੁਰੰਤ ਮੁਰੰਮਤ ਕਰ ਕੇ ਪਿੰਡ ਨੂੰ ਰਾਹਤ ਦਿੱਤੀ ਜਾਵੇ।