ਜ਼ੀਰਕਪੁਰ ਵਿਚ ਵਿਕਾਸ ਕਾਰਜਾਂ 'ਤੇ ਸਿਆਸੀ ਘਮਸਾਣ
ਜ਼ੀਰਕਪੁਰ ਵਿਚ ਵਿਕਾਸ ਕਾਰਜਾਂ 'ਤੇ ਸਿਆਸੀ ਘਮਸਾਣ, ਆਪ ਦੇ ਵਾਰਡ ਇੰਚਾਰਜ ’ਤੇ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਦਾ ਲਾਇਆ ਦੋਸ਼
Publish Date: Sat, 02 May 2026 09:42 PM (IST)
Updated Date: Sun, 03 May 2026 04:20 AM (IST)

ਸਾਬਕਾ ਕਾਂਗਰਸੀ ਕੌਂਸਲਰ ਨਵਤੇਜ ਨਵੀ ਨੇ ਆਪ ਦੇ ਵਾਰਡ ਇੰਚਾਰਜ ’ਤੇ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਦਾ ਲਾਇਆ ਦੋਸ਼ ਤਰਨਪ੍ਰੀਤ ਸਿੰਘ ਗਿੱਲ/ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਵਾਰਡ ਨੰ. 30 ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਰਾਜਨੀਤਿਕ ਤਣਾਅ ਸਿਖਰਾਂ ਤੇ ਪਹੁੰਚ ਗਿਆ ਹੈ। ਇਸ ਮਾਮਲੇ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਵਿਚਾਲੇ ਤਿੱਖੀ ਬਹਿਸਬਾਜ਼ੀ ਦੇਖਣ ਨੂੰ ਮਿਲੀ। ਕਾਂਗਰਸ ਦੇ ਸਾਬਕਾ ਕੌਂਸਲਰ ਨਵਤੇਜ ਨਵੀ ਨੇ ਆਪ ਆਗੂਆਂ ਤੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਕਾਸ ਕਾਰਜਾਂ ਵਿਚ ਰਾਜਨੀਤੀ ਕਰਨਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਰਾਣੇ ਪ੍ਰੋਜੈਕਟਾਂ ਨੂੰ ਨਵਾਂ ਦੱਸ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਗੁੰਮਰਾਹ : ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਤੇਜ ਨਵੀ ਨੇ ਵੱਡਾ ਦਾਅਵਾ ਕੀਤਾ ਕਿ ਵਾਰਡ ਵਿਚ ਜਾਰੀ ਕਈ ਪ੍ਰੋਜੈਕਟ, ਖ਼ਾਸ ਕਰਕੇ ਜਰਨੈਲ ਇਨਕਲੇਵ ਫੇਸ-1 ’ਚ ਸੜਕਾਂ ਬਣਾਉਣ ਅਤੇ ਟਾਈਲਾਂ ਲਗਾਉਣ ਦੇ ਕੰਮ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੇ ਕਾਰਜਕਾਲ ਦੌਰਾਨ ਮਨਜ਼ੂਰ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਦੇ ਟੈਂਡਰ ਪਿਛਲੀ ਕੌਂਸਲ ਦੇ ਸਮੇਂ ਹੀ ਹੋ ਚੁੱਕੇ ਸਨ ਤੇ ਹੁਣ ਸਿਰਫ਼ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਨਵਤੇਜ ਨਵੀ ਨੇ ਆਮ ਆਦਮੀ ਪਾਰਟੀ ਦੇ ਸਥਾਨਕ ਇੰਚਾਰਜ ਤੇ ਵਰ੍ਹਦਿਆਂ ਕਿਹਾ ਕਿ ਉਹ ਇਨ੍ਹਾਂ ਕੰਮਾਂ ਦਾ ਸਿਹਰਾ ਆਪਣੇ ਸਿਰ ਲੈਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਪ ਆਗੂ ਸਿਰਫ਼ ਮੌਕੇ ਤੇ ਜਾ ਕੇ ਫੋਟੋਆਂ ਖਿਚਵਾ ਰਹੇ ਹਨ, ਤਾਂ ਜੋ ਲੋਕਾਂ ਵਿਚ ਇਹ ਸੰਦੇਸ਼ ਪੁੱਜਦਾ ਕੀਤਾ ਜਾ ਸਕੇ ਕਿ ਇਹ ਕੰਮ ਉਨ੍ਹਾਂ ਦੀ ਸਰਕਾਰ ਨੇ ਸ਼ੁਰੂ ਕਰਵਾਏ ਹਨ। ਵਿਕਾਸ ਚ ਸਿਆਸਤ ਨਾ ਕਰਨ ਦੀ ਦਿੱਤੀ ਸਲਾਹ : ਸਾਬਕਾ ਕੌਂਸਲਰ ਨੇ ਸਪੱਸ਼ਟ ਕੀਤਾ ਕਿ ਵਾਰਡ ਵਿਚ ਹੋ ਰਹੇ ਵਿਕਾਸ ਕਾਰਜਾਂ ਦਾ ਮੁੱਖ ਮਕਸਦ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ, ਜਦਕਿ ਅਸਲ ਵਿਚ ਇਹ ਸਭ ਪਿਛਲੀ ਲੀਡਰਸ਼ਿਪ ਦੀ ਯੋਜਨਾ ਦਾ ਹਿੱਸਾ ਹਨ। ਵਿਕਾਸ ਦੇ ਕੰਮਾਂ ਵਿਚ ਫੋਕੀ ਸ਼ੋਹਰਤ ਖੱਟਣੀ ਸਿਆਸੀ ਦਿਵਾਲੀਏਪਨ ਦੀ ਨਿਸ਼ਾਨੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਇਮਾਨਦਾਰੀ ਨਾਲ ਲੋਕ ਸੇਵਾ ਵਿਚ ਯਕੀਨ ਰੱਖਦੀ ਹੈ ਅਤੇ ਉਨ੍ਹਾਂ ਦੀ ਟੀਮ ਵਾਰਡ ਦੇ ਹਰ ਇਲਾਕੇ ’ਚ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰਵਾਉਣਾ ਜਾਰੀ ਰੱਖੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਕਿਸੇ ਵੀ ਸਰਕਾਰੀ ਪ੍ਰੋਜੈਕਟ ਨੂੰ ਨਿੱਜੀ ਲਾਹੇ ਲਈ ਵਰਤਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਦਾ ਡਟ ਕੇ ਵਿਰੋਧ ਕਰਨਗੇ। ਇਸ ਮੌਕੇ ਕਾਂਗਰਸ ਦੇ ਕਈ ਸਥਾਨਕ ਆਗੂ ਅਤੇ ਵਾਰਡ ਵਾਸੀ ਵੀ ਮੌਜੂਦ ਸਨ, ਜਿਨ੍ਹਾਂ ਨੇ ਨਵਤੇਜ ਨਵੀ ਦੇ ਵਿਚਾਰਾਂ ਦਾ ਸਮਰਥਨ ਕੀਤਾ।