ਚੋਣ ਪ੍ਰਚਾਰ ਬੰਦ ਹੁੰਦਿਆਂ ਹੀ ਸਿਆਸੀ ਪਾਰਾ ਹਾਈ: ਪੁਲਿਸ ਦੇ ਸਟਿੱਕਰ ਵਾਲੀ ਗੱਡੀ 'ਚੋਂ ਮਿਲੀ ਸ਼ਰਾਬ, ਕਾਂਗਰਸੀ ਉਮੀਦਵਾਰ ਨੇ ਲਾਇਆ ਧਰਨਾ
ਮੁਹਾਲੀ ਨਗਰ ਨਿਗਮ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਇਸ ਸਮੇਂ ਗਰਮੀ ਤੋਂ ਵੱਧ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਇੱਥੋਂ ਦੇ ਫੇਜ਼ ਸੱਤ ਅਤੇ ਵਾਰਡ ਨੰ. ਦਸ ਵਿਚ ਪੁਲਿਸ ਦੇ ਸਟਿੱਕਰ ਵਾਲੀ ਇਕ ਗੱਡੀ ਨੂੰ ਇੱਥੋਂ ਚੋਣ ਲੜ੍ਹ ਰਹੇ ਕਾਂਗਰਸੀ ਉਮੀਦਵਾਰ ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ ਨੇ ਕਾਬੂ ਕੀਤਾ। ਗੱਡੀ ਵਿਚ ਸ਼ਰਾਬ ਦੀਆਂ ਪੰਜ ਪੇਟੀਆਂ ਵੀ ਮੌਜੂਦ ਸਨ। ਗੱਡੀ ਵਿਚ ਇਕ ਪੁਲਿਸ ਮੁਲਾਜ਼ਮ ਦੀ ਨਾਮ ਵਾਲੀ ਵਰਦੀ ਵੀ ਸੀ। ਐਡਵੋਕੇਟ ਰੂਬੀ ਸਿੱਧੂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਹਥਿਆਰ ਵੀ ਵਿਖਾਏ ਗਏ।
Publish Date: Mon, 25 May 2026 11:56 AM (IST)
Updated Date: Mon, 25 May 2026 11:59 AM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਨਗਰ ਨਿਗਮ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਇਸ ਸਮੇਂ ਗਰਮੀ ਤੋਂ ਵੱਧ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਇੱਥੋਂ ਦੇ ਫੇਜ਼ ਸੱਤ ਅਤੇ ਵਾਰਡ ਨੰ. ਦਸ ਵਿਚ ਪੁਲਿਸ ਦੇ ਸਟਿੱਕਰ ਵਾਲੀ ਇਕ ਗੱਡੀ ਨੂੰ ਇੱਥੋਂ ਚੋਣ ਲੜ੍ਹ ਰਹੇ ਕਾਂਗਰਸੀ ਉਮੀਦਵਾਰ ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ ਨੇ ਕਾਬੂ ਕੀਤਾ। ਗੱਡੀ ਵਿਚ ਸ਼ਰਾਬ ਦੀਆਂ ਪੰਜ ਪੇਟੀਆਂ ਵੀ ਮੌਜੂਦ ਸਨ। ਗੱਡੀ ਵਿਚ ਇਕ ਪੁਲਿਸ ਮੁਲਾਜ਼ਮ ਦੀ ਨਾਮ ਵਾਲੀ ਵਰਦੀ ਵੀ ਸੀ। ਐਡਵੋਕੇਟ ਰੂਬੀ ਸਿੱਧੂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਹਥਿਆਰ ਵੀ ਵਿਖਾਏ ਗਏ।
ਮਾਮਲੇ ਦਾ ਪਤਾ ਲੱਗਦਿਆਂ ਹੀ ਰੂਬੀ ਸਿੱਧੂ ਦੇ ਪਿਤਾ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਪਹੁੰਚ ਗਏ ਅਤੇ ਉਨ੍ਹਾਂ ਸਥਾਨਕ ਪਾਰਕ ਵਿਚ ਧਰਨਾ ਲਗਾ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਦੋਸ਼ ਲਾਇਆ ਕਿ ਸ਼ਰਾਬ ਸਥਾਨਕ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਵੱਲੋਂ ਵੰਡੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਸਾਰਾ ਕੁੱਝ ਪੁਲਿਸ ਅਤੇ ਪ੍ਰਸ਼ਾਸਨ ਦੀ ਸ਼ਹਿ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਸਭ ਕਾਸੇ ਨੂੰ ਬਰਦਾਸ਼ਤ ਨਹੀਂ ਕਰਨਗੇ। ਕਾਂਗਰਸੀ ਆਗੂਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਅਤੇ ਆਬਕਾਰੀ ਵਿਭਾਗ ਅਤੇ ਚੋਣ ਅਬਜ਼ਰਵਰ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਆਜ਼ਾਦ ਉਮੀਦਵਾਰ ਅਤੇ ਹੋਰਨਾਂ ਖ਼ਿਲਾਫ਼ ਪਰਚੇ ਦੀ ਮੰਗ ਕੀਤੀ। ਉਨ੍ਹਾਂ ਸੀਸੀਟੀਵੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਮੌਕੇ ’ਤੇ ਪਹੁੰਚੀ ਪੁਲਿਸ ਨੂੰ ਕਾਂਗਰਸੀ ਆਗੂਆਂ ਨੇ ਕਾਬੂ ਕੀਤਾ ਗਿਆ ਇਕ ਵਿਅਕਤੀ, ਸ਼ਰਾਬ ਵਾਲੀ ਗੱਡੀ ਅਤੇ ਪੁਲਿਸ ਦੇ ਮੁਲਾਜ਼ਮ ਦੀ ਵਰਦੀ ਸਪੁਰਦ ਕੀਤੀ। ਡੀ.ਐੱਸ.ਪੀ. ਸਿਟੀ-ਇਕ ਗੁਰਚਰਨ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਵੀ ਇਸ ਮਾਮਲੇ ਵਿਚ ਸ਼ਮੂਲੀਅਤ ਹੋਈ, ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।
ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ : ਕਾਹਲੋਂ
ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਰੂਬੀ ਸਿੱਧੂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਅਤੇ ਉਨ੍ਹਾਂ ਦੇ ਪੁੱਤਰ ਨੂੰ ਵੋਟਰ ਮੂੰਹ ਨਹੀਂ ਲਾ ਰਹੇ। ਉਨ੍ਹਾਂ ਕਿਹਾ ਆਪਣੀ ਹਾਰ ਵੇਖ ਕੇ ਹੀ ਕਾਂਗਰਸ ਵੱਲੋਂ ਉਨ੍ਹਾਂ ਖ਼ਿਲਾਫ਼ ਨੂੰ ਬਦਨਾਮ ਕਰਨ ਲਈ ਸਾਜਿਸ਼ ਰਚੀ ਗਈ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਦਾ ਬੱਚਾ-ਬੱਚਾ ਜਾਣਦਾ ਹੈ ਕਿ ਸ਼ਰਾਬ ਕੌਣ ਵੰਡਦਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਵਾਲੀ ਗੱਡੀ ਅਤੇ ਕਿਸੇ ਹੋਰ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਪੁਲਿਸ ਨੂੰ ਪੜਤਾਲ ਕਰਕੇ ਇਸ ਸਬੰਧੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੇਰਾ ਜੀਵਨ ਖੁੱਲ੍ਹੀ ਕਿਤਾਬ ਹੈ ਅਤੇ ਵਾਰਡ ਦਾ ਹਰ ਵੋਟਰ ਉਨ੍ਹਾਂ ਬਾਰੇ ਜਾਣਦਾ ਹੈ।