ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਸ਼ਰਾਬੀ, ਗੈਰ ਇਖਲਾਕੀ ਅਤੇ ਨਾਸਤਿਕ ਮੁੱਖ ਮੰਤਰੀ ਵਲੋਂ ਪੁਲਸੀਆ ਜ਼ੋਰ ਨਾਲ ਜਲੰਧਰ 'ਚ ਧਾਰਮਿਕ ਸਮਾਗਮ ਰੁਕਵਾ ਕੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਸੱਟ ਮਾਰਨ 'ਤੇ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲਿਆ ਹੈ l
ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਰਾਬੀ, ਗੈਰ ਇਖਲਾਕੀ ਅਤੇ ਨਾਸਤਿਕ ਮੁੱਖ ਮੰਤਰੀ ਵਲੋਂ ਪੁਲਸੀਆ ਜ਼ੋਰ ਨਾਲ ਜਲੰਧਰ 'ਚ ਧਾਰਮਿਕ ਸਮਾਗਮ ਰੁਕਵਾ ਕੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਸੱਟ ਮਾਰਨ 'ਤੇ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲਿਆ ਹੈ l
ਜਲੰਧਰ ਵਿੱਚ ਹੋਈ ਘਟਨਾ ਦੀ ਨਿਖੇਧੀ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ 'ਚ ਬਣਾਈ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਸ਼ਰਾਬੀ ਅਤੇ ਅਯੋਗ ਮੁੱਖ ਮੰਤਰੀ ਲਾਂਬੂ ਲਾਉਣ 'ਤੇ ਤੁਲਿਆ ਹੋਇਆ ਹੈ l ਉਨ੍ਹਾਂ ਕਿਹਾ ਕਿ ਸੱਤਾ ਅਤੇ ਸ਼ਰਾਬ ਦੇ ਨਸ਼ੇ ਵਿਚ ਹਮੇਸ਼ਾ ਚੂਰ ਰਹਿਣ ਵਾਲਾ ਮੁੱਖ ਮੰਤਰੀ ਕਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਂਦਾ ਹੈ, ਕਦੇ ਸਿੱਖ ਧਰਮ 'ਚ ਦਖਲਅੰਦਾਜ਼ੀ ਕਰਦਾ ਹੈ ਅਤੇ ਹੁਣ ਬਾਲਾ ਜੀ ਦੀ ਚੌਂਕੀ 'ਤੇ ਪੁਲਿਸ ਵਲੋਂ ਧਾਵਾ ਬੁਲਵਾ ਕੇ ਹਿੰਦੂ ਭਾਈਚਾਰੇ ਦੀ ਆਸਥਾ ਨੂੰ ਸੱਟ ਮਾਰਕੇ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਣ ਦੀ ਸਾਜ਼ਿਸ਼ ਰਚ ਰਿਹਾ ਹੈ ਪਰ ਉਹ ਸ਼ਾਇਦ ਭੁੱਲ ਗਿਆ ਕਿ ਗੁਰੂ ਘਰਾਂ ਨਾਲ ਮੱਥਾ ਲਾਉਣ ਵਾਲਿਆਂ ਦਾ ਅਤੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਸੱਟ ਮਾਰਨ ਵਾਲਿਆਂ ਦਾ ਵਜੂਦ ਵੀ ਨਹੀਂ ਬਚਦਾ l
ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਜਦ ਵੀ ਅਸੀਂ ਗੁਰੂ ਦੇ ਚਰਨਾਂ 'ਚ ਹਾਜ਼ਰ ਹੁੰਦੇ ਹਾਂ ਹੱਥ ਜੋੜ ਕੇ ਅਰਦਾਸ ਕਰਦੇ ਹਨ ਕਿ "ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ* ਅਤੇ ਇਹ ਧਰਤੀ ਉਹ ਮਹਾਨ ਧਰਤੀ ਹੈ ਜਿੱਥੇ ਗੁਰੂਆਂ ਦੇ ਗੁਰੂ ਸਾਹਿਬਾਨਾਂ ਦੇ ਚਰਨਾਂ ਚ ਖੜੇ ਹੋਕੇ ਅਸੀਂ ਸਰਬੱਤ ਦੇ ਭਲੇ ਦੀ ਮੰਗ ਰੱਖਦੇ ਹਾਂ ਅਤੇ ਇਸਦੇ ਨਾਲ ਹੀ ਸਾਡੇ ਦੇਸ਼ ਦਾ ਸੰਵਿਧਾਨ ਸਾਨੂੰ ਕਹਿੰਦਾ ਧਾਰਮਿਕ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ ਪਰ ਅੱਜ ਹਾਲਾਤ ਇਹ ਹਨ ਕਿ ਜਲੰਧਰ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਵੱਲੋਂ ਸ੍ਰੀ ਕਸ਼ਟ ਨਿਵਾਰਨ ਬਾਲਾ ਜੀ ਮੰਦਿਰ ਵੱਲੋਂ ਬਾਲਾ ਜੀ ਦੀ ਚੌਂਕੀ
ਦਾ ਆਯੋਜਨ ਕੀਤਾ ਗਿਆ ਸੀ ਜਿਸਦੀ ਹਰ ਤਰ੍ਹਾਂ ਦੀ ਸਰਕਾਰੀ ਆਗਿਆ ਵੀ ਉਹਨਾਂ ਵੱਲੋਂ ਲਈ ਗਈ ਸੀ ਪਰ ਉਸਦੇ ਬਾਵਜੂਦ ਮੁੱਖ ਮੰਤਰੀ ਦੀ ਸ਼ਹਿ 'ਤੇ ਪੁਲਿਸ ਵਲੋਂ ਗੁੰਡਾਗਰਦੀ ਕਰਦੇ ਹੋਏ ਇਸ ਪ੍ਰੋਗਰਾਮ ਨੂੰ ਰੋਕਕੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਭਾਰੀ ਸੱਟ ਮਾਰੀ ਗਈ ਹੈ ਜਦਕਿ ਇਸਤੋਂ ਪਹਿਲਾਂ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਜਦੋਂ ਜਲੰਧਰ ਆਉਂਦੇ ਸਨ ਤਾਂ ਪਹਿਲਾਂ ਇਸ ਆਪ ਵਿਧਾਇਕ ਕੋਲ ਜ਼ਰੂਰ ਜਾਂਦੇ ਸਨ ਜਦੋਂ ਵਿਧਾਇਕ ਚੰਡੀਗੜ੍ਹ ਜਾਂਦਾ ਤਾਂ ਮੁੱਖ ਮੰਤਰੀ ਨਿਵਾਸ ਜਾਂਦਾ ਸੀ ਲੇਕਿਨ ਹੁਣ ਇਹਨਾਂ ਦੇ ਨਿੱਜੀ ਸਬੰਧਾਂ ਵਿੱਚ ਕੋਈ ਖੱਟਾਸ ਪੈਦਾ ਹੋ ਗਈ ਹੋਵੇ ਪਰ ਗੁਰੂ ਦਾ ਨਾਮ ਜਪਣ ਤੋਂ ਰੋਕਣਾ, ਬਾਲਾ ਜੀ ਦਾ ਗੁਣਗਾਨ ਕਰਨ ਤੋਂ ਰੋਕਣਾ ਪੰਜਾਬ 'ਚ ਤਾਲਿਬਾਨੀ ਕਾਨੂੰਨ ਲਾਗੂ ਕਰਨ ਦੇ ਬਰਾਬਰ ਹੈ l ਉਨ੍ਹਾਂ ਕਿਹਾ ਕਿ ਇਸਦੇ ਰੋਸ ਵਿੱਚ ਆਪ ਵਿਧਾਇਕ ਵੱਲੋਂ ਆਪਣੇ ਪੰਜਾਬ ਪੁਲਿਸ ਦੇ ਗੰਨਮੈਨ ਵਾਪਿਸ ਕਰਨ ਦਾ ਫੈਸਲਾ ਵੀ ਲਿਆ ਗਿਆ ਕਿਉਂਕਿ ਹੋਰ ਲੋਕਾਂ ਦੇ ਨਾਲ ਨਾਲ ਉਹਨਾਂ ਦੀ ਧਾਰਮਿਕ ਆਸਥਾ ਨੂੰ ਵੀ ਸਰਕਾਰ ਨੇ ਗੁੱਝੀ ਸੱਟ ਮਾਰੀ ਹੈ l
ਮਜੀਠੀਆ ਨੇ ਕਿਹਾ ਕਿ "ਕੇਜਰੀਵਾਲ ਦਾ ਗੁਲਾਮ" *ਦਿੱਲੀ ਵਾਲਿਆਂ ਦੇ ਇਸ਼ਾਰੇ 'ਤੇ ਪੰਜਾਬ ਨੂੰ ਧਰਮ ਦੇ ਨਾਮ 'ਤੇ ਵੰਡੀਆਂ ਪਵਾ ਕੇ ਅੱਗ 'ਚ ਝੋਕਣ ਦੀ ਸਾਜਿਸ਼ ਰਚ ਰਿਹਾ ਹੈ ਜਿਸਨੂੰ ਕਦੇ ਬਰਦਾਸ਼ ਨਹੀਂ ਕੀਤਾ ਜਾਵੇਗਾ l ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਵੱਲੋਂ ਹਰ ਨਾਗਰਿਕ ਨੂੰ ਦਿੱਤੀ ਧਾਰਮਿਕ ਆਜ਼ਾਦੀ ਦੇ ਅਧਿਕਾਰ ਨੂੰ ਕੁਚਲ ਕੇ ਤਾਲਿਬਾਨੀ ਤਰੀਕੇ ਨਾਲ ਸੱਤਾ 'ਤੇ ਕਾਬਜ਼ ਰਹਿਣ ਝਾੜੂ ਵਾਲਿਆਂ ਦਾ ਆਕਾ ਕੱਟੜਵਾਦ ਤੇ ਉਤਾਰੂ ਹੋ ਚੁੱਕਿਆ ਹੈ l ਉਨ੍ਹਾਂ ਕਿਹਾ ਕਿ ਦਿੱਲੀ ਦੇ ਆਕਾਵਾਂ ਦਾ ਦਲਾਲ ਬਣਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਦੀਆਂ ਸਾਜ਼ਿਸ਼ਾਂ ਰਚਣ ਵਾਲਾ ਮੁੱਖ ਮੰਤਰੀ ਆਪਣਾ ਹੰਕਾਰ ਛੱਡ ਕੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਸੱਟ ਮਾਰਨ ਦਾ ਗੁਨਾਹ ਕਰਨ ਦੀ ਜਨਤਕ ਮਾਫੀ ਮੰਗੇ l
ਉਨ੍ਹਾਂ ਕਿਹਾ ਕਿ ਜੋ ਮੁੱਖ ਮੰਤਰੀ ਗੁਰੂ ਦੀ ਸ਼ੁਕਰਾਨਾ ਯਾਤਰਾ ਵਿਚ ਵੀ ਹੰਕਾਰ 'ਚ ਆਕੇ "ਦਬਦਾ ਕਿੱਥੇ ਆ" ਗੀਤ ਲਾਕੇ ਖੁਦ ਬੇਅਦਬੀ ਕਰਨ ਤੋਂ ਵੀ ਨਾ ਡਰੇ, ਉਸਨੂੰ ਵਾਹਿਗੁਰੂ ਖੁਦ ਅਤੇ ਪੰਜਾਬ ਦੇ ਲੋਕ ਹੰਕਾਰ ਦੇ ਆਸਮਾਨ ਤੋਂ ਜ਼ਮੀਨ 'ਤੇ ਲਿਆ ਕੇ ਹੇਠਾਂ ਸੁੱਟਣਗੇ l