ਪਾਰਕਿੰਗ ’ਚ ਖੜ੍ਹੀ ਗੱਡੀ ’ਚੋਂ ਪਿਸਤੌਲ ਚੋਰੀ
ਪਾਰਕਿੰਗ ਵਿਚ ਖੜ੍ਹੀ ਗੱਡੀ ’ਚੋਂ ਪਿਸਤੌਲ ਚੋਰੀ
Publish Date: Mon, 11 May 2026 09:20 PM (IST)
Updated Date: Mon, 11 May 2026 09:21 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਸੈਕਟਰ-87 ਸਥਿਤ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੀ ਪਾਰਕਿੰਗ ਵਿਚ ਖੜ੍ਹੀ ਬਲੈਰੋ ਗੱਡੀ ਵਿਚੋਂ ਇਕ ਲਾਇਸੈਂਸੀ .32 ਬੋਰ ਦੀ ਪਿਸਤੌਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੋਹਾਣਾ ਪੁਲਿਸ ਵੱਲੋਂ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੰਵਲਬੀਰ ਸਿੰਘ ਵਾਸੀ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੱਸਿਆ ਕਿ ਉਹ ਗਿਆਨੀ ਜੰਗ ਸਿੰਘ ਤਰਨਾ ਦਲ ਨਾਲ ਡਰਾਈਵਰ ਵਜੋਂ ਕੰਮ ਕਰਦਾ ਹੈ। ਉਹ ਗਿਆਨੀ ਜੰਗ ਸਿੰਘ ਨਾਲ ਬਲੈਰੋ ਗੱਡੀ ’ਚ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਸੈਕਟਰ-87 ਮੁਹਾਲੀ ਆਏ ਸਨ। ਉਨ੍ਹਾਂ ਗੱਡੀ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਵਿਚ ਖੜ੍ਹੀ ਕੀਤੀ ਹੋਈ ਸੀ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹ ਇਸ਼ਨਾਨ ਕਰਨ ਲਈ ਗਏ ਹੋਏ ਸਨ ਤਾਂ ਉਸ ਦੌਰਾਨ ਕਈ ਸੇਵਕ ਗਿਆਨੀ ਜੰਗ ਸਿੰਘ ਨੂੰ ਮਿਲਣ ਲਈ ਆਏ ਹੋਏ ਸਨ। ਉਸ ਨੇ ਆਪਣਾ ਲਾਇਸੈਂਸੀ 32 ਬੋਰ ਪਿਸਤੌਲ ਗੱਡੀ ਵਿਚ ਹੀ ਰੱਖਿਆ ਹੋਇਆ ਸੀ। ਜਦੋਂ ਉਹ ਵਾਪਸ ਆ ਕੇ ਕੱਪੜੇ ਬਦਲਣ ਤੋਂ ਬਾਅਦ ਗੱਡੀ ਵਿਚ ਪਿਸਤੌਲ ਚੈੱਕ ਕਰਨ ਲੱਗਾ ਤਾਂ ਉੱਥੇ ਨਹੀਂ ਸੀ। ਉਸ ਨੇ ਆਪਣੇ ਪੱਧਰ ’ਤੇ ਕਾਫ਼ੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਲੱਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।