ਮੁੱਲਾਂਪੁਰ ਗਰੀਬਦਾਸ ਦੀ ਐਂਟਰੀ ’ਤੇ ਲੱਗ ਰਹੇ ਗੰਦਗੀ ਦੇ ਢੇਰ, ਲੋਕ ਰਾਤ ਵੇਲੇ ਸੁੱਟ ਜਾਂਦੇ ਨੇ ਕੂੜਾ . ਸਰਪੰਚ
ਮੁੱਲਾਂਪੁਰ ਗਰੀਬਦਾਸ ਦੀ ਐਂਟਰੀ ’ਤੇ ਲੱਗ ਰਹੇ ਗੰਦਗੀ ਦੇ ਢੇਰ, ਲੋਕ ਰਾਤ ਵੇਲੇ ਸੁੱਟ ਜਾਂਦੇ ਨੇ ਕੂੜਾ . ਸਰਪੰਚ
Publish Date: Mon, 18 May 2026 08:46 PM (IST)
Updated Date: Mon, 18 May 2026 08:48 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਸਥਾਨਕ ਕਸਬਾ ਮੁੱਲਾਂਪੁਰ ਗਰੀਬਦਾਸ ਦੀ ਐਂਟਰੀ ’ਤੇ ਲੱਗ ਰਹੇ ਗੰਦਗੀ ਦੇ ਢੇਰ ਇਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਕਿਉਂਕਿ ਮੁੱਲਾਂਪੁਰ ਦੀ ਐਂਟਰੀ ’ਤੇ ਕੂੜੇ ਦੇ ਢੇਰ ਲੱਗਣ ਕਾਰਨ ਬਦਬੂ ਮਾਰ ਰਹੀ ਹੈ, ਜਦਕਿ ਇਹ ਖੇਤਰ ਚੰਡੀਗੜ੍ਹ ਸ਼ਹਿਰ ਦੀ ਤਰਜ ’ਤੇ ਵਸਾਇਆ ਗਿਆ ਹੈ, ਜਿਥੇ ਕਈ ਵੱਡੇ ਅਧਿਕਾਰੀਆਂ ਤੋਂ ਲੈ ਕੇ ਹੋਰਨਾਂ ਰਾਜਾਂ ਦੇ ਲੋਕ ਮਹਿੰਗੇ ਭਾਅ ’ਤੇ ਜ਼ਮੀਨ ਤੇ ਫਲੈਟ ਖ਼ਰੀਦ ਰਹੇ ਹਨ। ਇਸ ਸਭ ਦੇ ਬਾਵਜੂਦ ਇਸ ਇਲਾਕੇ ਵਿਚ ਗੰਦਗੀ ਢੇਰ ਖੇਤਰ ਦੀ ਦਿਖ ’ਤੇ ਹੋਰ ਵੀ ਮਾੜਾ ਪ੍ਰਭਾਵ ਪਾ ਰਹੇ ਹਨ। ਇਨ੍ਹਾਂ ਗੰਦਗੀ ਦੇ ਢੇਰਾਂ ’ਤੇ ਆਵਾਰਾ ਪਸ਼ੂ ਆਮ ਵੇਖਣ ਨੂੰ ਮਿਲਦੇ ਹਨ, ਜੋ ਕਿ ਕਈ ਵਾਰ ਸੜਕ ’ਤੇ ਆ ਜਾਂਦੇ ਹਨ, ਜਿਨ੍ਹਾਂ ਨਾਲ ਭਿਆਨਕ ਹਾਦਸੇ ਵੀ ਹੋ ਚੁੱਕੇ ਹਨ ਅਤੇ ਲੋਕਾਂ ਦਾ ਵੱਡਾ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਮੁੱਲਾਂਪੁਰ ਗਰੀਬਦਾਸ ਇਕ ਇਤਿਹਾਸਕ ਕਸਬਾ ਹੈ, ਜਿਸ ਦਾ ਨਾਮ ਇੰਟਰਨੈਸ਼ਨਲ ਲੈਵਲ ’ਤੇ ਜਾਣਿਆ ਜਾਂਦਾ ਹੈ ਕਿਉਂਕਿ ਇਸ ਦੇ ਨੇੜੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਪੀਸੀਏ ਨੂੰ ਵੀ ਮੁੱਲਾਂਪੁਰ ਸਟੇਡੀਅਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੁੱਲਾਂਪੁਰ ਦੀ ਐਂਟਰੀ ’ਤੇ ਕੂੜੇ ਦੇ ਢੇਰ ਕਾਰਨ ਕਈ ਸਵਾਲ ਖੜ੍ਹੇ ਹੁੰਦੇ ਹਨ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਕਈ ਵਾਰ ਇਸ ਜਗ੍ਹਾ ਦੀ ਜੇਸੀਬੀ ਮਸ਼ੀਨ ਲਗਾ ਕੇ ਸਫ਼ਾਈ ਕਰਵਾਈ ਗਈ ਹੈ ਪਰ ਫਿਰ ਵੀ ਲੋਕ ਇਸ ਜਗ੍ਹਾ ’ਤੇ ਕੂੜਾ ਸੁੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਰ ਰਾਤ ਵੇਲੇ ਬਾਹਰ ਦੇ ਲੋਕ ਇਸ ਜਗ੍ਹਾ ’ਤੇ ਕੂੜਾ ਸੁੱਟਦੇ ਹਨ। ਉਨ੍ਹਾਂ ਕਿਹਾ ਕਿ ਧਨਾਸ, ਸਾਰੰਗਪੁਰ ਅਤੇ ਨੇੜਲੇ ਇਲਾਕੇ ਵਿਚ ਰਹਿੰਦੇ ਲੋਕਾਂ ਵੱਲੋਂ ਇਥੇ ਕੂੜਾ ਸੁੱਟਿਆ ਜਾਂਦਾ ਹੈ, ਜਿਸ ਕਾਰਨ ਚਾਰੇ ਪਾਸੇ ਗੰਦਗੀ ਫੈਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕਈ ਵਾਰ ਜੁਰਮਾਨਾ ਵੀ ਲਗਾਇਆ ਗਿਆ ਹੈ ਪਰ ਫਿਰ ਵੀ ਕੋਈ ਨਾ ਕੋਈ ਰਾਤ ਦੇ ਸਮੇਂ ਗੱਡੀਆਂ ਰਾਹੀਂ ਕੂੜਾ ਸੁੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੇੜਲੀਆਂ ਸੁਸਾਇਟੀਆਂ ਦੇ ਵਸਨੀਕ ਵੀ ਆਪਣੇ ਘਰਾਂ ਦਾ ਕੂੜਾ ਇਸੀ ਜਗ੍ਹਾ ’ਤੇ ਸੁੱਟਦੇ ਵੇਖੇ ਗਏ ਹਨ, ਜੋ ਕਿ ਕਾਫ਼ੀ ਨਿੰਦਣਯੋਗ ਹੈ, ਕਿਉਂਕਿ ਇਸ ਨਾਲ ਆਸ-ਪਾਸ ਦਾ ਏਰੀਆ ਗੰਦਗੀ ਨਾਲ ਭਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕੂੜਾ ਸੁੱਟਣ ਵਾਲਿਆਂ ’ਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨੇ ਵੀ ਕੀਤੇ ਜਾਣਗੇ।