ਸਥਾਈ ਲੋਕ ਅਦਾਲਤ ਵੱਲੋਂ ਐਮਿਟੀ ਯੂਨੀਵਰਸਿਟੀ ਨੂੰ ਨੋਟਿਸ ਆਫ਼ ਮੋਸ਼ਨ, ਭਲਕੇ ਹੋਵੇਗੀ ਸੁਣਵਾਈ
ਸਥਾਈ ਲੋਕ ਅਦਾਲਤ ਵੱਲੋਂ ਐਮਿਟੀ ਯੂਨੀਵਰਸਿਟੀ ਨੂੰ ਨੋਟਿਸ ਆਫ਼ ਮੋਸ਼ਨ, 13 ਮਈ ਨੂੰ ਹੋਵੇਗੀ ਸੁਣਵਾਈ,
Publish Date: Mon, 11 May 2026 08:14 PM (IST)
Updated Date: Mon, 11 May 2026 08:15 PM (IST)

- ਅਧਿਕਾਰੀਆਂ ਵਿਰੁੱਧ ਅਦਾਲਤ ’ਚ ਕੇਸ ਦਰਜ, ਵਿਦਿਆਰਥੀ ਨੇ ਲਾਏ ਪਰੇਸ਼ਾਨ ਕਰਨ ਤੇ ਬਦਲਾਖੋਰੀ ਦੇ ਦੋਸ਼ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਦੀ ਸਥਾਈ ਲੋਕ ਅਦਾਲਤ ਨੇ ਇਕ ਵਿਦਿਆਰਥੀ ਦੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਐਮਿਟੀ ਯੂਨੀਵਰਸਿਟੀ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 13 ਮਈ 2026 ਨੂੰ ਤੈਅ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਐਮਿਟੀ ਯੂਨੀਵਰਸਿਟੀ ਦੇ ਐੱਲਐੱਲਐੱਮ ਕਾਰਪੋਰੇਟ ਲਾਅ ਦੇ ਵਿਦਿਆਰਥੀ ਅਤੇ ਪ੍ਰੈਕਟਿਸ ਕਰ ਰਹੇ ਐਡਵੋਕੇਟ ਅਭਿਸ਼ੇਕ ਮਲਹੋਤਰਾ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵਿਰੁੱਧ ਮੁਹਾਲੀ ਦੀ ਸਥਾਈ ਲੋਕ ਅਦਾਲਤ (ਜਨਤਕ ਉਪਯੋਗਤਾ ਸੇਵਾਵਾਂ) ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਮਲਹੋਤਰਾ ਨੇ ਯੂਨੀਵਰਸਿਟੀ ’ਤੇ ਮਾਨਸਿਕ ਉਤਪੀੜਨ, ਬਦਲਾਖੋਰੀ ਅਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਪਟੀਸ਼ਨ ਅਨੁਸਾਰ ਅਭਿਸ਼ੇਕ ਮਲਹੋਤਰਾ ਨੇ ਐੱਲਐੱਲਐੱਮ ਦੇ ਅਧਿਕਾਰਤ ਵਟਸਐੱਪ ਗਰੁੱਪ ’ਤੇ ਅਕਾਦਮਿਕ ਸੁਧਾਰ ਲਈ ਕੁਝ ਸੁਝਾਅ (ਫੀਡਬੈਕ) ਦਿੱਤੇ ਸਨ। ਦੋਸ਼ ਹੈ ਕਿ ਇਸ ਤੋਂ ਨਾਰਾਜ਼ ਹੋ ਕੇ ਐਮਿਟੀ ਲਾਅ ਸਕੂਲ ਦੇ ਮੁਖੀ ਡਾ. ਅਜੈਮੀਤ ਸਿੰਘ ਨੇ ਉਸ ਨਾਲ ਕਥਿਤ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪੀੜਤ ਵਿਦਿਆਰਥੀ ਦਾ ਦੋਸ਼ ਹੈ ਕਿ ਡਿਸਰਟੇਸ਼ਨ (ਖੋਜ ਨਿਬੰਧ) ਦੀ ਸੁਪਰਵਾਈਜ਼ਰੀ ਕਰਨ ਤੋਂ ਇਨਕਾਰ ਕਰਨਾ, ਵਟਸਐਪ ਗਰੁੱਪ ’ਚੋਂ ਬਾਹਰ ਕੱਢਣਾ ਅਤੇ ਧਮਕੀਆਂ ਦੇਣਾ ਅਤੇ ਇਕ ਵਿਸ਼ੇ ਵਿਚ ਹਾਜ਼ਰੀ ਨਾਲ ਛੇੜਛਾੜ ਕਰਨਾ ਸਾਜ਼ਿਸ਼ ਦਾ ਹਿੱਸਾ ਹੈ। ਪਟੀਸ਼ਨ ਵਿਚ ਸੁਪਰੀਮ ਕੋਰਟ ਦੇ ਜਾਵੇਦ ਅਖ਼ਤਰ ਬਨਾਮ ਜਾਮੀਆ ਹਮਦਰਦ ਕੇਸ ਅਤੇ ਦਿੱਲੀ ਹਾਈ ਕੋਰਟ ਦੇ ਸੁਸ਼ਾਂਤ ਰੋਹਿਲਾ ਖ਼ੁਦਕੁਸ਼ੀ ਮਾਮਲੇ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਸੰਵਿਧਾਨ ਦੀ ਧਾਰਾ 14 ਅਤੇ 21 ਦੀ ਉਲੰਘਣਾ ਦੱਸਿਆ ਗਿਆ ਹੈ। ਪੀੜਤ ਵਿਦਿਆਰਥੀ ਨੇ ਅਦਾਲਤ ਤੋਂ ਮੰਗ ਕੀਤੀ ਕਿ ਡਿਸਰਟੇਸ਼ਨ ਲਈ ਤੁਰੰਤ ਨਵਾਂ ਗਾਈਡ ਨਿਯੁਕਤ ਕੀਤਾ ਜਾਵੇ ਅਤੇ ਕੰਮ ਪੂਰਾ ਕਰਨ ਲਈ ਸਮਾਂ ਦਿੱਤਾ ਜਾਵੇ। ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਲਈ ਬਿਨਾਂ ਕਿਸੇ ਪੱਖਪਾਤ ਦੇ ਰੋਲ ਨੰਬਰ ਜਾਰੀ ਕੀਤਾ ਜਾਵੇ। ਹਾਜ਼ਰੀ ਵਿਚ ਕੀਤੇ ਗਏ ਕਥਿਤ ਫ਼ਰਜ਼ੀਵਾੜੇ ਦੀ ਜਾਂਚ ਅਤੇ ਸੁਧਾਰ ਕੀਤਾ ਜਾਵੇ। ਸਕੂਲ ਮੁਖੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਸ ਨੇ ਮਾਨਸਿਕ ਪਰੇਸ਼ਾਨੀ ਲਈ 2 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ।