ਲੋਕ ਪੰਜਾਬ ’ਚ ਵੀ ਬਣਾਉਣਗੇ ਭਾਜਪਾ ਦੀ ਸਰਕਾਰ : ਰਾਣਾ ਗਿੱਲ
ਲੋਕ ਪੰਜਾਬ ਵਿਚ ਬਣਾਉਣਗੇ ਭਾਜਪਾ ਦੀ ਸਰਕਾਰ : ਰਾਣਾ ਗਿੱਲ
Publish Date: Tue, 05 May 2026 06:00 PM (IST)
Updated Date: Wed, 06 May 2026 04:09 AM (IST)

ਮਹਿਰਾ/ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਪੱਛਮੀ ਬੰਗਾਲ ਤੇ ਅਸਾਮ ਵਿਚ ਭਾਰਤੀ ਜਨਤਾ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੀ ਜਨਤਾ ਦਾ ਭਰੋਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਤੇ ਲਗਾਤਾਰ ਵੱਧ ਰਿਹਾ ਹੈ। ਇਹ ਨਤੀਜੇ ਸਿਰਫ਼ ਚੋਣੀ ਸਫ਼ਲਤਾ ਨਹੀਂ, ਸਗੋਂ ਵਿਕਾਸ, ਸੁਸ਼ਾਸਨ ਤੇ ਮਜ਼ਬੂਤ ਅਗਵਾਈ ’ਤੇ ਲੋਕਾਂ ਦੇ ਭਰੋਸੇ ਦੀ ਮੋਹਰ ਹਨ। ਦੋਵੇਂ ਸੂਬੇ ਸਰਹੱਦੀ ਅਤੇ ਰਣਨੀਤਿਕ ਤੌਰ ’ਤੇ ਬਹੁਤ ਮਹੱਤਵਪੂਰਨ ਹਨ। ਉੱਥੇ ਭਾਜਪਾ ਦੇ ਮਜ਼ਬੂਤ ਪ੍ਰਦਰਸ਼ਨ ਨੇ ਇਹ ਦਰਸਾਇਆ ਹੈ ਕਿ ਲੋਕ ਸੁਰੱਖਿਆ ਅਤੇ ਤਰੱਕੀ ਦੋਵਾਂ ਨੂੰ ਇੱਕਠੇ ਲੈ ਕੇ ਚਲਣ ਵਾਲੀ ਸਰਕਾਰ ਨੂੰ ਤਰਜੀਹ ਦੇ ਰਹੇ ਹਨ। ਗਿੱਲ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਵੀ ਬਦਲਾਅ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਕ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਮਜ਼ਬੂਤ ਸੁਰੱਖਿਆ, ਪਾਰਦਰਸ਼ੀ ਪ੍ਰਸ਼ਾਸਨ ਅਤੇ ਤੇਜ਼ ਤਰੱਕੀ ਦੀ ਲੋੜ ਹੈ, ਜਿਸ ਵਿਚ ਉਹ ਪਿਛਲੇ ਕੁਝ ਸਾਲਾਂ ਵਿਚ ਪਿੱਛੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਮੁੱਦੇ, ਜਿਨ੍ਹਾਂ ’ਚ ਬੇਰੁਜ਼ਗਾਰੀ, ਨਸ਼ਾ, ਕਾਨੂੰਨ-ਵਿਵਸਥਾ ਅਤੇ ਵਿਕਾਸ ਦੀ ਕਮੀ, ਇਹ ਸਭ ਸਿਰਫ਼ ਮਜ਼ਬੂਤ ਇਰਾਦੇ ਅਤੇ ਸਪੱਸ਼ਟ ਨੀਤੀ ਨਾਲ ਹੀ ਹੱਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੀ ਉਹ ਇਕਲੌਤੀ ਪਾਰਟੀ ਹੈ, ਜੋ ਪੰਜਾਬ ਦੇ ਇਨ੍ਹਾਂ ਮੁੱਦਿਆਂ ਨੂੰ ਢੰਗ ਨਾਲ ਸਮਝ ਕੇ ਹੱਲ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਸੂਬੇ ਨੂੰ ਤਰੱਕੀ ਦੀਆਂ ਨਵੀਆਂ ਲੀਹਾਂ ’ਤੇ ਲੈ ਕੇ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਸਹਿਯੋਗ ਨਾਲ, ਆਉਣ ਵਾਲੇ ਸਮੇਂ ’ਚ ਪੰਜਾਬ ਵਿਚ ਵੀ ਭਾਜਪਾ ਦੀ ਇਤਿਹਾਸਕ ਜਿੱਤ ਦਰਜ ਕਰਕੇ ਸੂਬੇ ਨੂੰ ਨਵੀਂ ਦਿਸ਼ਾ ਦਿੱਤੀ ਜਾਵੇਗੀ।