ਪਰਾਲੀ ਦੀਆਂ ਓਵਰਲੋਡ ਟਰਾਲੀਆਂ ਨੇ ਵਧਾਇਆ ਹਾਦਸਿਆਂ ਦਾ ਖ਼ਤਰਾ, ਪ੍ਰਸ਼ਾਸਨ ਬੇਖ਼ਬਰ
ਪਰਾਲੀ ਦੀਆਂ ਓਵਰਲੋਡ ਟਰਾਲੀਆਂ ਨੇ ਵਧਾਇਆ ਹਾਦਸਿਆਂ ਦਾ ਖ਼ਤਰਾ, ਪ੍ਰਸ਼ਾਸਨ ਬੇਖ਼ਬਰ
Publish Date: Mon, 06 Apr 2026 09:20 PM (IST)
Updated Date: Mon, 06 Apr 2026 09:23 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਤੋਂ ਬਰਵਾਲਾ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਇੰਨੀਂ ਦਿਨੀਂ ਪਰਾਲੀ ਨਾਲ ਲੱਦੀਆਂ ਓਵਰਲੋਡ ਟਰਾਲੀਆਂ ਆਮ ਲੋਕਾਂ ਲਈ ਵੱਡੀ ਮੁਸੀਬਤ ਬਣੀਆਂ ਹੋਈਆਂ ਹਨ। ਇਹ ਟਰਾਲੀਆਂ ਨਾ ਸਿਰਫ਼ ਆਵਾਜਾਈ ਵਿਚ ਵਿਘਨ ਪਾ ਰਹੀਆਂ ਹਨ, ਸਗੋਂ ਹਰ ਰੋਜ਼ ਕਿਸੇ ਵੱਡੇ ਸੜਕੀ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। ਸਥਾਨਕ ਲੋਕਾਂ ਸਮੇਤ ਭੁਪਿੰਦਰ ਸਿੰਘ ਸੁੰਡਰਾ ਅਤੇ ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਪਰਾਲੀ ਦੀਆਂ ਟਰਾਲੀਆਂ ਨੂੰ ਸਮਰੱਥਾ ਤੋਂ ਕਿਤੇ ਜ਼ਿਆਦਾ ਉੱਚਾ ਲੱਦਿਆ ਜਾਂਦਾ ਹੈ, ਜਿਸ ਕਾਰਨ ਇਹ ਅਸੰਤੁਲਿਤ ਹੋ ਕੇ ਕਿਸੇ ਵੀ ਸਮੇਂ ਪਲਟ ਸਕਦੀਆਂ ਹਨ। ਇਸ ਤੋਂ ਇਲਾਵਾ ਟਰਾਲੀਆਂ ਤੋਂ ਡਿੱਗਦੀ ਪਰਾਲੀ ਪਿੱਛੇ ਆਉਣ ਵਾਲੇ ਵਾਹਨ ਚਾਲਕਾਂ ਦੀ ਨਜ਼ਰ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਟੱਕਰ ਦਾ ਖ਼ਤਰਾ ਬਣਿਆ ਰਹਿੰਦਾ ਹੈ। ਓਵਰਲੋਡ ਅਤੇ ਚੌੜਾਈ ਵਿਚ ਜ਼ਿਆਦਾ ਫੈਲੀਆਂ ਇਹ ਟਰਾਲੀਆਂ ਕਾਰਨ ਤੰਗ ਸੜਕਾਂ ਤੇ ਲੰਬਾ ਜਾਮ ਲੱਗ ਜਾਂਦਾ ਹੈ। ਕਈ ਟਰਾਲੀਆਂ ਤੇ ਰਿਫਲੈਕਟਰ ਜਾਂ ਪਿਛਲੀਆਂ ਲਾਈਟਾਂ ਨਹੀਂ ਹੁੰਦੀਆਂ, ਜਿਸ ਕਾਰਨ ਰਾਤ ਦੇ ਸਮੇਂ ਇਨ੍ਹਾਂ ਨਾਲ ਹਾਦਸੇ ਹੋਣ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਹ ਟਰਾਲੀਆਂ ਸ਼ਰੇਆਮ ਪੁਲਿਸ ਨਾਕਿਆਂ ਦੇ ਅੱਗੋਂ ਲੰਘਦੀਆਂ ਹਨ, ਪਰ ਟ੍ਰੈਫਿਕ ਪੁਲਿਸ ਵੱਲੋਂ ਇਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਇਸ ਗੰਭੀਰ ਮੁੱਦੇ ਵੱਲ ਅੱਖਾਂ ਮੀਟ ਕੇ ਬੈਠਾ ਹੈ। ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਨੌਕਰੀਪੇਸ਼ਾ ਲੋਕਾਂ ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਨੇ ਇਨ੍ਹਾਂ ਟਰਾਲੀਆਂ ਤੇ ਨੱਥ ਨਾ ਪਾਈ, ਤਾਂ ਕਿਸੇ ਦਿਨ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਓਵਰਲੋਡ ਟਰਾਲੀਆਂ ਦੇ ਚਾਲਾਨ ਕੀਤੇ ਜਾਣ। ਪਰਾਲੀ ਦੀ ਢੋਆ-ਢੁਆਈ ਲਈ ਨਿਯਮਤ ਸਮਾਂ ਅਤੇ ਉੱਚਾਈ ਸੀਮਾ ਤੈਅ ਕੀਤੀ ਜਾਵੇ। ਰਾਤ ਦੇ ਸਮੇਂ ਬਿਨਾਂ ਲਾਈਟਾਂ ਵਾਲੇ ਵਾਹਨਾਂ ਤੇ ਸਖ਼ਤੀ ਕੀਤੀ ਜਾਵੇ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਜਾਗਦਾ ਹੈ ਜਾਂ ਲੋਕਾਂ ਨੂੰ ਇਸੇ ਤਰ੍ਹਾਂ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਸਫ਼ਰ ਕਰਨਾ ਪਵੇਗਾ।