ਗੈਸ ਸਿਲੰਡਰ ਲਈ ਹਾਹਾਕਾਰ : ਕੀਮਤ ਵੱਧ ਵੀ ਚੱਲੇਗੀ ਪਰ ਗੈਸ ਦੀ ਸਪਲਾਈ ਯਕੀਨੀ ਬਣਾਏ ਸਰਕਾਰ
ਗੈਸ ਸਿਲੰਡਰ ਲਈ ਹਾਹਾਕਾਰ : "ਕੀਮਤ ਵੱਧ ਵੀ ਚੱਲੇਗੀ, ਪਰ ਗੈਸ ਦੀ ਸਪਲਾਈ ਯਕੀਨੀ ਬਣਾਏ ਸਰਕਾਰ",
Publish Date: Sat, 02 May 2026 06:39 PM (IST)
Updated Date: Sun, 03 May 2026 04:14 AM (IST)

ਰੈਸਟੋਰੈਂਟ ਤੇ ਢਾਬਾ ਮਾਲਕਾਂ ਨੇ ਪ੍ਰਗਟਾਈ ਚਿੰਤਾ, ਕੰਮਕਾਜ ਤੇ ਪੈ ਰਿਹਾ ਅਸਰ, ਔਰਤਾਂ ਵੀ ਪਰੇਸ਼ਾਨ ਦਰਸ਼ਨ ਸਿੰਘ ਸੋਢੀ/ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਚ ਘਰੇਲੂ ਗੈਸ ਸਿਲੰਡਰ ਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਵਧਦੀ ਕਿੱਲਤ ਕਾਰਨ ਜਿੱਥੇ ਆਮ ਨਾਗਰਿਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੁਣ ਦੁਕਾਨਦਾਰਾਂ ਨੂੰ ਸਪਲਾਈ ਦੀ ਕਮੀ ਝੱਲਣੀ ਪੈ ਰਹੀ ਹੈ। ਸ਼ਹਿਰ ਦੇ ਹੋਟਲ, ਢਾਬਾ ਤੇ ਰੈਸਟੋਰੈਂਟ ਸੰਚਾਲਕਾਂ ਦਾ ਕਹਿਣਾ ਹੈ ਕਿ ਸਿਲੰਡਰ ਮਹਿੰਗੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲ ਰਹੇ। ਮਜਬੂਰਨ ਬਲੈਕ (ਕਾਲਾ ਬਾਜ਼ਾਰੀ) ਤੋਂ ਲੈ ਕੇ ਕੰਮ ਚਲਾਉਣਾ ਪੈ ਰਿਹਾ ਹੈ। ਖਪਤਕਾਰਾਂ ਅਤੇ ਛੋਟੇ ਮੋਟੇ ਕਾਰਬਾਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੀਮਤ ਵੱਧ ਵੀ ਚੱਲੇਗੀ ਪਰ ਸਮੇਂ ਸਿਰ ਗੈਸ ਸਪਲਾਈ ਯਕੀਨੀ ਬਣਾਈ ਜਾਵੇ। ਦੂਜੇ ਪਾਸੇ ਸ਼ੁੱਕਰਵਾਰ ਨੂੰ ਜਦੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਕੁਝ ਇਲਾਕਿਆਂ ਵਿਚ ਦੁਕਾਨਾਂ ਬੰਦ ਮਿਲੀਆਂ, ਜਿਸ ਦਾ ਅਸਰ ਉਨ੍ਹਾਂ ਦੇ ਕੰਮਕਾਜ ਤੇ ਸਾਫ਼ ਦਿਖਾਈ ਦੇ ਰਿਹਾ ਸੀ। ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਕਮਰਸ਼ੀਅਲ ਸਿਲੰਡਰਾਂ ਦੇ ਭਾਅ ਲਗਾਤਾਰ ਵਧ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਖਰਚਾ ਪਹਿਲਾਂ ਹੀ ਵਧ ਚੁੱਕਾ ਹੈ ਪਰ ਹੁਣ ਸਭ ਤੋਂ ਵੱਡੀ ਸਮੱਸਿਆ ਗੈਸ ਦੀ ਅਨਿਯਮਿਤ ਸਪਲਾਈ ਬਣ ਗਈ ਹੈ। ਕਈ ਵਾਰ ਆਰਡਰ ਦੇਣ ਤੋਂ ਬਾਅਦ ਵੀ ਸਮੇਂ ਸਿਰ ਸਿਲੰਡਰ ਨਹੀਂ ਮਿਲਦਾ, ਜਿਸ ਨਾਲ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ। ਜ਼ਿਆਦਾਤਰ ਲੋਕ ਵੈਰੀਫਿਕੇਸ਼ਨ ਕਰਵਾਉਣ ਤੇ ਗੈਸ ਬੁੱਕ ਕਰਵਾਉਣ ਲਈ ਖੱਜਲ ਹੋ ਰਹੇ ਹਨ ਤੇ ਜੇਕਰ ਗੈਸ ਬੁੱਕ ਵੀ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਸੁਵੱਖਤੇ ਸਵੇਰੇ ਸਾਰਾ ਕੰਮ ਛੱਡ ਕੇ ਗੈਸ ਏਜੰਸੀ ਦੇ ਗੁਦਾਮ ਦੇ ਬਾਹਰ ਲਾਈਨ ਵੀ ਖੜ੍ਹਾ ਹੋਣਾ ਪੈਂਦਾ ਹੈ। (ਬਾਕਸ) : ਰੈਸਟੋਰੈਂਟ ਫੇਜ਼-2 ਦੇ ਸੰਚਾਲਕ ਮੋਹਿਤ ਕੁਮਾਰ ਦਾ ਕਹਿਣਾ ਹੈ ਕਿ ਉਹ ਵਧੀਆਂ ਹੋਈਆਂ ਕੀਮਤਾਂ ਨੂੰ ਕਿਸੇ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਨ ਪਰ ਜੇਕਰ ਗੈਸ ਦੀ ਸਪਲਾਈ ਹੀ ਨਹੀਂ ਮਿਲੇਗੀ ਤਾਂ ਦੁਕਾਨ ਚਲਾਉਣਾ ਮੁਸ਼ਕਲ ਹੋ ਜਾਵੇਗਾ। ਫੇਜ਼-5 ਵਿਚ ਢਾਬਾ ਚਲਾਉਂਦੇ ਰਮੇਸ਼ ਕੁਮਾਰ ਨੇਗੀ ਨੇ ਦੱਸਿਆ ਕਿ ਗੈਸ ਸਿਲੰਡਰ ਨਾ ਮਿਲਣ ਕਾਰਨ ਉਨ੍ਹਾਂ ਦਾ ਕੰਮ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਪਹਿਲਾਂ ਉਹ ਤਿੰਨੋਂ ਸਮੇਂ ਢਾਬਾ ਖੋਲ੍ਹਦੇ ਸਨ ਪਰ ਹੁਣ ਉਨ੍ਹਾਂ ਨੂੰ ਮਜਬੂਰਨ ਸਿਰਫ਼ ਇਕ ਟਾਈਮ ਹੀ ਕੰਮ ਕਰਨਾ ਪੈ ਰਿਹਾ ਹੈ। (ਬਾਕਸ) ਇਕ ਗੈਸ ਏਜੰਸੀ ਦੇ ਮਾਲਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਕਮਰਸ਼ੀਅਲ ਸਿਲੰਡਰ ਬੇਸ਼ੱਕ ਮਹਿੰਗੇ ਹੋ ਗਏ ਹਨ ਪਰ ਉਹ ਸ਼ਹਿਰ ਦੇ ਹੋਟਲਾਂ, ਢਾਬਿਆਂ ਤੇ ਰੈਸਟੋਰੈਂਟਾਂ ’ਚ ਸਪਲਾਈ ਨਹੀਂ ਭੇਜ ਰਹੇ ਹਨ। ਪ੍ਰਸ਼ਾਸਨ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਸਿਲੰਡਰਾਂ ਦੀ ਸਪਲਾਈ ਸਿਰਫ਼ ਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ ਵਿਚ ਹੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਜੀਐੱਸਟੀ ਨੰਬਰ ਹੈ, ਉਨ੍ਹਾਂ ਨੂੰ ਵੀ ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਦੇ ਸਿਲੰਡਰ ਨਹੀਂ ਦਿੱਤਾ ਜਾ ਰਿਹਾ। (ਬਾਕਸ) : ਨਵੇਂ ਗੈਸ ਕੁਨੈਕਸ਼ਨਾਂ ਦੀ ਮੰਗ ’ਚ ਵਾਧਾ : ਸ਼ਹਿਰ ’ਚ ਇਨ੍ਹੀਂ ਦਿਨੀਂ ਨਵੇਂ ਐੱਲਪੀਜੀ ਗੈਸ ਕੁਨੈਕਸ਼ਨਾਂ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਗੈਸ ਏਜੰਸੀਆਂ ਮੁਤਾਬਕ ਘਰੇਲੂ ਵਰਤੋਂ ਲਈ ਵੱਡੀ ਗਿਣਤੀ ਵਿਚ ਲੋਕ ਨਵੇਂ ਕੁਨੈਕਸ਼ਨਾਂ ਲਈ ਅਪਲਾਈ ਕਰਨ ਪਹੁੰਚ ਰਹੇ ਹਨ ਪਰ ਕੁਨੈਕਸ਼ਨ ਜਾਰੀ ਹੋਣ ਵਿਚ ਦੇਰੀ ਤੇ ਕਾਰਵਾਈ ਬੰਦ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ।