ਸੜਕ ਹਾਦਸੇ ’ਚ ਮੌਤ ਹੋਣ ’ਤੇ ਅਦਾਲਤ ਵੱਲੋਂ ਮਾਪਿਆਂ ਨੂੰ 16.22 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ
ਮਾਪਿਆਂ ਨੂੰ 16.22 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ
Publish Date: Mon, 11 May 2026 09:25 PM (IST)
Updated Date: Mon, 11 May 2026 09:27 PM (IST)

ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਇਕ ਸੜਕ ਹਾਦਸੇ ਵਿਚ ਆਪਣੀ ਜਾਨ ਗੁਆਉਣ ਵਾਲੇ 22 ਸਾਲਾ ਨੌਜਵਾਨ ਦੇ ਮਾਪਿਆਂ ਨੂੰ 16.22 ਲੱਖ ਰੁਪਏ ਮੁਆਵਜ਼ਾ ਦੇਣ ਦਾ ਫ਼ੈਸਲਾ ਸੁਣਾਇਆ ਹੈ। ਟ੍ਰਿਬਿਊਨਲ ਨੇ ਇਫਕੋ ਟੋਕੀਓ ਜਨਰਲ ਇੰਸ਼ੋਰੈਂਸ ਕੰਪਨੀ ਨੂੰ ਹਦਾਇਤ ਕੀਤੀ ਹੈ ਕਿ ਉਹ ਪਟੀਸ਼ਨ ਦਾਇਰ ਕਰਨ ਦੀ ਮਿਤੀ ਤੋਂ 7 ਫ਼ੀਸਦੀ ਸਾਲਾਨਾ ਵਿਆਜ਼ ਸਮੇਤ ਇਹ ਰਾਸ਼ੀ ਅਦਾ ਕਰੇ। ਟ੍ਰਿਬਿਊਨਲ ਦੇ ਜੱਜ ਪ੍ਰਸ਼ਾਂਤ ਵਰਮਾ ਨੇ ਆਪਣੇ ਫ਼ੈਸਲੇ ਵਿਚ ਸਪੱਸ਼ਟ ਕੀਤਾ ਕਿ ਬੀਮਾ ਕੰਪਨੀ ਨੂੰ ਇਹ ਰਾਸ਼ੀ ਪਹਿਲਾਂ ਅਦਾ ਕਰਨੀ ਪਵੇਗੀ। ਹਾਲਾਂਕਿ ਕੰਪਨੀ ਕੋਲ ਬਾਅਦ ਵਿਚ ਵਾਹਨ ਦੇ ਡਰਾਈਵਰ ਅਤੇ ਮਾਲਕ ਤੋਂ ਇਹ ਰਕਮ ਵਸੂਲਣ ਦਾ ਅਧਿਕਾਰ ਹੋਵੇਗਾ, ਕਿਉਂਕਿ ਹਾਦਸੇ ਦੇ ਸਮੇਂ ਚਾਲਕ ਕੋਲ ਵੈਧ ਡਰਾਈਵਿੰਗ ਲਾਇਸੈਂਸ ਨਹੀਂ ਸੀ। ਇਹ ਪਟੀਸ਼ਨ ਸਮਰਾਲਾ ਦੇ ਰਹਿਣ ਵਾਲੇ ਰਘਵੀਰ ਸਿੰਘ ਅਤੇ ਜਸਵੀਰ ਕੌਰ ਨੇ ਆਪਣੇ ਪੁੱਤਰ ਗਗਨਜੋਤ ਸਿੰਘ ਦੀ ਮੌਤ ਦੇ ਮਾਮਲੇ ਸਬੰਧੀ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਵਿਚ ਦਾਇਰ ਕੀਤੀ ਸੀ। ਜਾਣਕਾਰੀ ਅਨੁਸਾਰ 4 ਨਵੰਬਰ 2022 ਨੂੰ ਗਗਨਜੋਤ ਸਿੰਘ ਮੋਟਰਸਾਈਕਲ ’ਤੇ ਆਪਣੇ ਪਿੰਡ ਪਰਤ ਰਿਹਾ ਸੀ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਖਟਾਣੀ ਕਲਾਂ ਨੇੜੇ ਇਕ ਸਕੂਟਰ ਗ਼ਲਤ ਦਿਸ਼ਾ ਤੋਂ ਆਇਆ ਅਤੇ ਉਸ ਦੇ ਮੋਟਰਸਾਈਕਲ ਨਾਲ ਟਕਰਾ ਗਿਆ। ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ 7 ਨਵੰਬਰ ਨੂੰ ਉਸ ਦੀ ਮੌਤ ਹੋ ਗਈ। ਟ੍ਰਿਬਿਊਨਲ ਨੇ ਚਸ਼ਮਦੀਦ ਗਵਾਹ ਸ਼ਮਸ਼ੇਰ ਸਿੰਘ ਦੀ ਗਵਾਹੀ ਅਤੇ ਪੁਲਿਸ ਵੱਲੋਂ ਪੇਸ਼ ਕੀਤੇ ਚਾਲਾਨ ਦੇ ਆਧਾਰ ’ਤੇ ਮੰਨਿਆ ਕਿ ਇਹ ਹਾਦਸਾ ਸਕੂਟਰ ਚਾਲਕ ਨਰਿੰਦਰ ਸਿੰਘ ਵਾਸੀ ਕੁਰਾਲੀ ਦੀ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਕਾਰਨ ਵਾਪਰਿਆ ਸੀ। ਬੀਮਾ ਕੰਪਨੀ ਨੇ ਦਲੀਲ ਦਿੱਤੀ ਸੀ ਕਿ ਹਾਦਸਾ ਸੜਕ ’ਤੇ ਅਚਾਨਕ ਕੁੱਤਾ ਆਉਣ ਕਾਰਨ ਹੋਇਆ ਸੀ, ਪਰ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ। ਟ੍ਰਿਬਿਊਨਲ ਨੇ ਕਿਹਾ ਕਿ ਕੰਪਨੀ ਵੱਲੋਂ ਪੇਸ਼ ਕੀਤੇ ਗਏ ਮੈਡੀਕਲ ਰਿਕਾਰਡ ਪੁਲਿਸ ਜਾਂਚ ਅਤੇ ਚਸ਼ਮਦੀਦ ਦੇ ਬਿਆਨਾਂ ਨੂੰ ਗ਼ਲਤ ਸਾਬਤ ਕਰਨ ਲਈ ਕਾਫ਼ੀ ਨਹੀਂ ਹਨ। ਪਰਿਵਾਰ ਨੇ ਮ੍ਰਿਤਕ ਦੀ ਮਹੀਨਾਵਾਰ ਆਮਦਨ 25 ਹਜ਼ਾਰ ਰੁਪਏ ਦੱਸੀ ਸੀ ਪਰ ਪੁਖ਼ਤਾ ਦਸਤਾਵੇਜ਼ੀ ਸਬੂਤ ਨਾ ਹੋਣ ਕਾਰਨ ਅਦਾਲਤ ਨੇ ਘੱਟੋ-ਘੱਟ ਉਜਰਤ ਦੇ ਆਧਾਰ ’ਤੇ ਉਸ ਦੀ ਮਹੀਨਾਵਾਰ ਆਮਦਨ 10 ਹਜ਼ਾਰ ਰੁਪਏ ਨਿਰਧਾਰਤ ਕੀਤੀ ਅਤੇ ਉਸੇ ਮੁਤਾਬਿਕ ਮੁਆਵਜ਼ੇ ਦੀ ਰਾਸ਼ੀ ਤੈਅ ਕੀਤੀ।