ਭੁੱਲਰ 'ਤੇ ਕਾਰਵਾਈ ਨੂੰ ਲੈ ਕੇ ਵਿਰੋਧੀਆਂ ਨੇ ਸਰਕਾਰ ਘੇਰੀ, CM ਮਾਨ, ਕੇਜਰੀਵਾਲ ਤੇ ਸਿਸੋਦੀਆ ਵਰਗੇ ਆਗੂ ਕਿਉਂ ਇਸ ਮਾਮਲੇ ’ਤੇ ਨਹੀਂ ਬੋਲ ਰਹੇ?
ਸੀਬੀਆਈ ਵੱਲੋਂ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਬਾਅਦ ਵੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਚੁੱਪੀ ’ਤੇ ਵਿਰੋਧੀ ਧਿਰ ਦੇ ਆਗੂਆਂ ਨੇ ਸਵਾਲ ਚੁੱਕੇ ਹਨ। ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਹੁਣ ਤੱਕ ਕੱਟੜ ਇਮਾਨਦਾਰ ਹੋਣ ਦਾ ਦਮ ਭਰਨ ਵਾਲੀ ਸਰਕਾਰ ਦੇ ਕਰੋੜਾਂ ਰੁਪਏ ਦੀ ਨਕਦੀ ਫੜੇ ਜਾਣ ਤੋਂ ਬਾਅਦ ਵੀ ਚੁੱਪ ਰਹਿਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ
Publish Date: Sun, 19 Oct 2025 09:18 AM (IST)
Updated Date: Sun, 19 Oct 2025 09:20 AM (IST)

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ - ਸੀਬੀਆਈ ਵੱਲੋਂ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਬਾਅਦ ਵੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਚੁੱਪੀ ’ਤੇ ਵਿਰੋਧੀ ਧਿਰ ਦੇ ਆਗੂਆਂ ਨੇ ਸਵਾਲ ਚੁੱਕੇ ਹਨ। ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਹੁਣ ਤੱਕ ਕੱਟੜ ਇਮਾਨਦਾਰ ਹੋਣ ਦਾ ਦਮ ਭਰਨ ਵਾਲੀ ਸਰਕਾਰ ਦੇ ਕਰੋੜਾਂ ਰੁਪਏ ਦੀ ਨਕਦੀ ਫੜੇ ਜਾਣ ਤੋਂ ਬਾਅਦ ਵੀ ਚੁੱਪ ਰਹਿਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।
ਕਾਂਗਰਸੀ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਸਰਕਾਰ ਦੀ ਚੁੱਪੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਉਚੇਚੀ ਜਾਂਚ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਮਨੀ ਲਾਂਡਰਿੰਗ ਮਾਮਲੇ ਦੀ ਨਿਰਪੱਖ ਜਾਂਚ ਜ਼ਰੂਰੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਕਿਸ ਦੀ ਤਰਫੋਂ ਗੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰ ਰਹੇ ਸਨ।
ਰੋਮਾਣਾ ਨੇ ਕਿਹਾ, 'ਪੰਜਾਬੀਆਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਸੂਬੇ ਦੇ ਲੋਕਾਂ ਤੋਂ ਲੁੱਟਿਆ ਜਾ ਰਿਹਾ ਪੈਸਾ ਕਿੱਥੇ ਜਾ ਰਿਹਾ ਹੈ। ਕੀ ਇਸ ਦੀ ਵਰਤੋਂ ਦੂਜੇ ਰਾਜਾਂ ਵਿਚ ਚੋਣਾਂ ਲੜਨ ਲਈ ਕੀਤੀ ਜਾ ਰਹੀ ਹੈ ਜਾਂ ਇਹ ਕਿਸੇ ਵਿਸ਼ੇਸ਼ ਬੰਦਿਆਂ ਨੂੰ ਭੇਜਿਆ ਜਾ ਰਿਹਾ ਹੈ?' ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਚੁੱਪੀ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ ਕਿ ਉਨ੍ਹਾਂ ਕੋਲ ਕੁਝ ਛੁਪਾਉਣ ਲਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਨੂੰ ਆਪਣੀ ਜਾਂਚ ਇਸ ਪਹਿਲੂ ’ਤੇ ਕੇਂਦ੍ਰਿਤ ਕਰਨੀ ਚਾਹੀਦੀ ਹੈ ਤਾਂ ਜੋ ਭ੍ਰਿਸ਼ਟਚਾਰ ਦਾ ਪਰਦਾਫਾਸ਼ ਹੋ ਸਕੇ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਵੀਡੀਓ ਸੰਦੇਸ਼ ਵਿਚ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵਰਗੇ ਆਗੂ ਇਸ ਮਾਮਲੇ ’ਤੇ ਕਿਉਂ ਨਹੀਂ ਬੋਲ ਰਹੇ। ਉਨ੍ਹਾਂ ਕਿਹਾ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਇੰਨੇ ਵੱਡੇ ਘੁਟਾਲੇ ਬਾਰੇ ਸਵਾਲ ਚੁੱਕੇ ਹਨ। ਖਹਿਰਾ ਨੇ ਕਿਹਾ ਕਿ ਪੀੜਤ ਆਕਾਸ਼ ਬੱਟਾ ਨੂੰ ਪਤਾ ਸੀ ਕਿ ਜੇ ਉਹ ਇਸ ਮਾਮਲੇ ਵਿਚ ਪੰਜਾਬ ਵਿਜੀਲੈਂਸ ਨੂੰ ਸ਼ਿਕਾਇਤ ਕਰਦਾ ਤਾਂ ਉਸ ਵਿਰੁੱਧ ਹੀ ਕਈ ਮਾਮਲੇ ਦਰਜ ਹੋ ਜਾਣੇ ਸਨ। ਇਸ ਲਈ ਉਹ ਸੀਬੀਆਈ ਕੋਲ ਗਿਆ। ਇਹ ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦੀ ਮੁਹਿੰਮ ’ਤੇ ਵੀ ਸਵਾਲ ਉਠਾਉਂਦਾ ਹੈ। ਸੱਤਾ ਦੇ ਗਲਿਆਰਿਆਂ ਵਿਚ ਸੀਬੀਆਈ ਵੱਲੋਂ ਇਸ ਮਾਮਲੇ ਵਿਚ ਪੁਲਿਸ ਰਿਮਾਂਡ ਨਾ ਲੈਣ ਦੇ ਫੈਸਲੇ ’ਤੇ ਹੈਰਾਨੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਕਿਸੇ ਵਿਅਕਤੀ ਨੂੰ ਹੋਰ ਪੁੱਛਗਿੱਛ ਲਈ ਰਿਮਾਂਡ ’ਤੇ ਲਏ ਬਿਨਾਂ ਇੱਕ ਦਿਨ ਵਿਚ ਇੰਨੀ ਵੱਡੀ ਬਰਾਮਦਗੀ ਕੀਤੀ ਗਈ ਹੋਵੇ।
ਕੀ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰੇਗੀ ਵਿਜੀਲੈਂਸ
ਸੱਤਾ ਦੇ ਗਲਿਆਰਿਆ ਵਿਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਜਿਵੇਂ ਵਿਜੀਲੈਂਸ ਨੇ ਬਠਿੰਡਾ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ, ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ, ਬਰਖਾਸਤ ਪੁਲਿਸ ਅਧਿਕਾਰੀ ਏਆਈਜੀ ਰਾਜਜੀਤ ਸਿੰਘ ਹੁੰਦਲ ਸਮੇਤ ਕੁਝ ਹੋਰ ਆਗੂਆਂ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਹੈ, ਕੀ ਉਸੇ ਤਰਜ਼ ’ਤੇ ਹਰਚਰਨ ਸਿੰਘ ਭੁੱਲਰ ’ਤੇ ਇਹ ਮਾਮਲਾ ਦਰਜ ਕੀਤਾ ਜਾਵੇਗਾ। ਜੇ ਸੂਬਾ ਸਰਕਾਰ ਜਾਂ ਵਿਜੀਲੈਂਸ ਅਜਿਹਾ ਨਹੀਂ ਕਰਦੀ ਤਾਂ ਵਿਜੀਲੈਂਸ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਣੇ ਸੁਭਾਵਿਕ ਹਨ।