ਹਨੇਰੀ-ਤੂਫ਼ਾਨ ਦੀ ਤਬਾਹੀ ਤੋਂ ਬਾਅਦ ਰਾਹਤ ਕਾਰਜਾਂ ’ਚ ਜੁਟੇ ਅਧਿਕਾਰੀ
ਹਨੇਰੀ-ਤੂਫ਼ਾਨ ਦੀ ਤਬਾਹੀ ਤੋਂ ਬਾਅਦ ਰਾਹਤ ਕਾਰਜਾਂ ’ਚ ਜੁਟੇ ਅਧਿਕਾਰੀ,
Publish Date: Mon, 04 May 2026 09:26 PM (IST)
Updated Date: Mon, 04 May 2026 09:29 PM (IST)

- ਬਿਜਲੀ ਦੇ ਖੰਭੇ ਤੇ ਟੁੱਟੀਆਂ ਤਾਰਾਂ ਦੀ ਮੁਰੰਮਤ ਕਰਨ ’ਚ ਲੰਘ ਗਿਆ ਸਾਰਾ ਦਿਨ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਐਤਵਾਰ ਨੂੰ ਸਵੇਰੇ ਸੁਵੱਖ਼ਤੇ ਅਚਾਨਕ ਆਈ ਤੇਜ਼ ਹਨੇਰੀ ਅਤੇ ਤੂਫ਼ਾਨ ਵੱਲੋਂ ਮੁਹਾਲੀ ਸ਼ਹਿਰ ਅਤੇ ਆਸ-ਪਾਸ ਇਲਾਕੇ ਵਿਚ ਮਚਾਈ ਭਾਰੀ ਤਬਾਹੀ ਤੋਂ ਬਾਅਦ ਪਾਵਰਕਾਮ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਰਾਹਤ ਕਾਰਜਾਂ ਵਿਚ ਜੁੱਟ ਗਏ ਹਨ। ਵੱਖ-ਵੱਖ ਥਾਵਾਂ ’ਤੇ ਵੱਡੇ ਦਰੱਖਤ ਡਿੱਗਣ ਕਾਰਨ ਟੁੱਟੇ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟਣ ਕਾਰਨ ਜਿੱਥੇ ਬੀਤੇ ਕੱਲ੍ਹ ਦੇਰ ਸ਼ਾਮ ਤੱਕ ਬਿਜਲੀ ਗੁੱਲ ਰਹੀ, ਉੱਥੇ ਕਈ ਇਲਾਕਿਆਂ ਵਿਚ ਸੋਮਵਾਰ ਨੂੰ ਵੀ ਬੱਤੀ ਗੁੱਲ ਰਹੀ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੁਹਾਲੀ ਦੇ ਫੇਜ਼-7, ਫੇਜ਼-6, ਫੇਜ਼-4, ਫੇਜ਼-5, ਫੇਜ਼-9 ਸਮੇਤ ਸ਼ਹਿਰ ਦੇ ਸਨਅਤੀ ਖੇਤਰ ਵਿਚ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟ ਗਈਆਂ ਸਨ। ਪਾਵਰਕਾਮ ਦੇ ਕਰਮਚਾਰੀ ਲੜੀਵਾਰ ਹੜਤਾਲ ਤੇ ਹੋਣ ਕਾਰਨ ਉੱਚ ਅਧਿਕਾਰੀ ਬੇਵੱਸ ਦਿਖਾਈ ਦਿੱਤੇ ਪ੍ਰੰਤੂ ਲੋਕਾਂ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਪਾਵਰਕਾਮ ਵੱਲੋਂ ਬਿਜਲੀ ਦੇ ਖੰਭੇ ਅਤੇ ਟੁੱਟੀਆਂ ਤਾਰਾਂ ਦੀ ਮੁਰੰਮਤ ਕਰਨ ਲਈ ਕਰਮਚਾਰੀਆਂ ਨੂੰ ਕੰਮ ’ਤੇ ਲਗਾਇਆ ਗਿਆ ਅਤੇ ਅੱਜ ਵੱਖ-ਵੱਖ ਥਾਵਾਂ ’ਤੇ ਕਰਮਚਾਰੀਆਂ ਨੂੰ ਕੰਮ ਕਰਦੇ ਦੇਖਿਆ ਗਿਆ। ਭਾਜਪਾ ਆਗੂ ਤੇ ਸਾਬਕਾ ਕੌਂਸਲਰ ਅਰੁਣ ਸ਼ਰਮਾ ਨੇ ਦੱਸਿਆ ਕਿ ਐਤਵਾਰ ਨੂੰ ਤੇਜ਼ ਹਨੇਰੀ ਅਤੇ ਤੂਫ਼ਾਨ ਆਉਣ ਕਾਰਨ ਫੇਜ਼-5 ਵਿਚ ਸਵੇਰੇ 7 ਵਜੇ ਬਿਜਲੀ ਗੁੱਲ ਹੋ ਗਈ ਸੀ ਅਤੇ ਸੋਮਵਾਰ ਨੂੰ ਦੂਜੇ ਦਿਨ ਵੀ ਦੇਰ ਸ਼ਾਮ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੋਈ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਵੀ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਬਿਜਲੀ ਇਕ ਝਬੱਕਾ ਵੀ ਨਹੀਂ ਮਾਰੇਗੀ ਪਰ ਵੀਆਈਪੀ ਸ਼ਹਿਰ ਮੁਹਾਲੀ ਵਿਚ ਲੋਕ ਬਿਜਲੀ ਨੂੰ ਤਰਸ ਗਏ ਹਨ। ਇਸ ਤੋਂ ਪਹਿਲਾਂ ਵੀ ਅਣਐਲਾਨੇ ਕੱਟਾਂ ਕਾਰਨ ਲੋਕ ਦੁਖੀ ਸਨ। ਉਨ੍ਹਾਂ ਮੰਗ ਕੀਤੀ ਕਿ ਮੁਰੰਮਤ ਕਾਰਜ ਜਲਦੀ ਮੁਕੰਮਲ ਕਰਕੇ ਬਿਜਲੀ ਸਪਲਾਈ ਬਹਾਲ ਕੀਤੀ ਜਾਵੇ।