ਐੱਨਆਰਆਈ ਭਾਈਚਾਰੇ ਨੇ ਅਕਾਲੀ ਦਲ ’ਤੇ ਭਰੋਸਾ ਪ੍ਰਗਟਾਇਆ
ਐੱਨ ਆਰ ਆਈ ਭਾਈਚਾਰੇ ਨੇ ਅਕਾਲੀ ਦਲ ’ਤੇ ਭਰੋਸਾ ਪ੍ਰਗਟਾਇਆ
Publish Date: Tue, 19 May 2026 07:41 PM (IST)
Updated Date: Wed, 20 May 2026 04:10 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਸਟ੍ਰੇਲੀਆ ਤੇ ਨਿਊਜ਼ੀਲੈਂਡ ’ਚ ਵਸੇ ਐੱਨਆਰਆਈ ਭਾਈਚਾਰੇ (ਪਰਵਾਸੀ ਭਾਰਤੀਆਂ) ਨੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ’ਤੇ ਪੂਰਨ ਭਰੋਸਾ ਪ੍ਰਗਟ ਕੀਤਾ ਹੈ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਤੋਂ ਪਰਤੇ ਪਾਰਟੀ ਦੇ ਵਫ਼ਦ ਦੀ ਅਗਵਾਈ ਕਰਨ ਵਾਲੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਐੱਨਆਰਆਈ ਬਹੁਤ ਸਪੱਸ਼ਟ ਹਨ। ਉਨ੍ਹਾਂ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਹਮਾਇਤ ਮਿਲੀ ਸੀ, ਹੁਣ ਉਹ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਪਰਵਾਸੀ ਭਾਰਤੀਆਂ ਨੇ ਵਫਦ ਨੂੰ ਦੱਸਿਆ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਐੱਨਆਰਆਈਜ਼ ਦੇ ਮਸਲੇ ’ਸੰਗਤ ਦਰਸ਼ਨ’ ਪ੍ਰੋਗਰਾਮਾਂ ’ਚ ਮੌਕੇ ’ਤੇ ਹੱਲ ਹੁੰਦੇ ਸਨ ਤੇ ਐੱਨਆਰਆਈ ਅਦਾਲਤਾਂ ਤੇ ਐੱਨਆਰਆਈ ਪੁਲਿਸ ਥਾਣੇ ਬਣਾਏ ਗਏ ਤੇ ਅਕਾਲੀ ਦਲ ਹਮੇਸ਼ਾ ਐੱਨਆਰਆਈ ਭਾਈਚਾਰੇ ਨਾਲ ਡਟਿਆ ਰਿਹਾ। ਮਿੱਡੂਖੇੜਾ ਨੇ ਦੱਸਿਆ ਕਿ ਐਨਆਰਆਈਜ਼ ਮੰਨਦੇ ਹਨ ਕਿ ਪਿਛਲੀ ਕਾਂਗਰਸ ਤੇ ਮੌਜੂਦਾ ‘ਆਪ’ ਸਰਕਾਰ ਨੇ ਉਨ੍ਹਾਂ ਦੀ ਭਲਾਈ ਵਾਸਤੇ ਕੱਖ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ‘ਆਪ’ ਸਰਕਾਰ ਦੇ ਰਵੱਈਏ ਤੋਂ ਸਭ ਤੋਂ ਜ਼ਿਆਦਾ ਔਖੇ ਹਨ, ਜਿਸ ਦੀ ਉਨ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਡੱਟ ਕੇ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ ਵਫਦ ਨੇ ਵੱਖ-ਵੱਖ ਖੇਡ ਕਲੱਬਾਂ ਤੇ ਗੁਰਦੁਆਰਾ ਕਮੇਟੀਆਂ ਸਮੇਤ ਸਿੱਖ ਸੰਸਥਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਅਸੀਂ ਐੱਨਆਰਆਈਜ਼ ਨਾਲ ਸਮਾਜਿਕ ਤੌਰ ’ਤੇ ਵੀ ਮੁਲਾਕਾਤਾਂ ਕੀਤੀਆਂ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਸਮਝ ਸਕੀਏ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਖਾਕਾ ਤਿਆਰ ਕਰ ਸਕੀਏ। ਐੱਨਆਰਆਈਜ਼ ਨੇ ਵਫ਼ਦ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਪ੍ਰਧਾਨ ਨੂੰ ਭਰੋਸਾ ਦਿਵਾਉਣ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਵਾਂ ਥਾਵਾਂ ’ਤੇ ਐੱਨਆਰਆਈਜ਼ ਉਨ੍ਹਾਂ ਦੀ ਮੇਜ਼ਬਾਨੀ ਕਰਨ ਵਾਸਤੇ ਉਤਸੁਕ ਹਨ।