ਹੁਣ ਪੰਜਾਬ ’ਚ ਵੀ ਖਿਲੇਗਾ ਕਮਲ, ਭਾਜਪਾ ਵਰਕਰਾਂ ਨੇ ਵੱਖ-ਵੱਖ ਥਾਵਾਂ ’ਤੇ ਲੱਡੂ ਵੰਡ ਕੇ ਮਨਾਇਆ ਜਸ਼ਨ
ਹੁਣ ਪੰਜਾਬ ਵਿਚ ਵੀ ਖਿਲੇਗਾ ਕਮਲ, ਭਾਜਪਾ ਵਰਕਰਾਂ ਨੇ ਵੱਖ-ਵੱਖ ਥਾਵਾਂ ’ਤੇ ਲੱਡੂ ਵੰਡ ਕੇ ਮਨਾਇਆ ਜਸ਼ਨ
Publish Date: Mon, 04 May 2026 08:32 PM (IST)
Updated Date: Mon, 04 May 2026 08:35 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੱਛਮੀ ਬੰਗਾਲ, ਆਸਾਮ ਅਤੇ ਪੁੱਡੂਚੇਰੀ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸੋਮਵਾਰ ਨੂੰ ਮੁਹਾਲੀ ਵਿਖੇ ਪਾਰਟੀ ਵਰਕਰਾਂ ਨੇ ਵੱਖ-ਵੱਖ ਥਾਵਾਂ ’ਤੇ ਜਸ਼ਨ ਮਨਾਏ ਅਤੇ ਢੋਲ ਦੀ ਥਾਪ ’ਤੇ ਭੰਗੜੇ ਪਾਉਂਦੇ ਹੋਏ ਸ਼ਹਿਰ ਵਿਚ ਲੱਡੂ ਵੰਡੇ। ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਆਗੂਆਂ ਨੇ ਕਿਹਾ ਕਿ ਹੁਣ ਅਗਲੇ ਸਾਲ ਪੰਜਾਬ ਵਿਚ ਵੀ ਕਮਲ ਖਿਲੇਗਾ ਅਤੇ ਚੰਗੇ ਦਿਨਾਂ ਦੀ ਸ਼ੁਰੂਆਤ ਹੋਵੇਗੀ। ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਵਰਕਰ ਫੇਜ਼-3ਬੀ2 ਦੀ ਮਾਰਕੀਟ ਵਿਚ ਇਕੱਠੇ ਹੋਏ ਅਤੇ ਜਿੱਤ ਦੀ ਖੁਸ਼ੀ ਵਿਚ ਮਠਿਆਈ ਵੰਡੀ। ਇਸ ਮੌਕੇ ਭਾਜਪਾ ਮੰਡਲ-2 ਦੇ ਪ੍ਰਧਾਨ ਰਮਨ ਸ਼ੈਲੀ, ਭਾਜਪਾ ਆਗੂ ਆਭਾ ਬਾਂਸਲ, ਮੀਡੀਆ ਇੰਚਾਰਜ ਚੰਦਰ ਸ਼ੇਖਰ, ਅਨੀਤਾ ਜੋਸ਼ੀ ਅਤੇ ਹਰਦੀਪ ਬੈਦਵਾਨ ਸਮੇਤ ਹੋਰ ਕਈ ਵਰਕਰ ਮੌਜੂਦ ਸਨ। ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਪਹਿਲੀ ਵਾਰ ਪੱਛਮੀ ਬੰਗਾਲ ਵਿਚ ਭਾਜਪਾ ਨੇ ਬਹੁਮਤ ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜੋ ਪਾਰਟੀ ਲਈ ਇਤਿਹਾਸਕ ਪ੍ਰਾਪਤੀ ਹੈ। ਇਸ ਤੋਂ ਇਲਾਵਾ, ਆਸਾਮ ਵਿਚ ਵੀ ਪਾਰਟੀ ਦੀ ਜਿੱਤ ਨੇ ਸੰਗਠਨ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਆਭਾ ਬਾਂਸਲ ਨੇ ਕਿਹਾ ਕਿ ਇਹ ਜਿੱਤ ਦੇਸ਼ ਵਿਚ ਭਾਜਪਾ ਦੀ ਵੱਧ ਰਹੀ ਲੋਕਪ੍ਰਿਅਤਾ ਦਾ ਨਤੀਜਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਹੋਰ ਵੀ ਮਜ਼ਬੂਤੀ ਨਾਲ ਕੰਮ ਕਰੇਗੀ। ਇਸੇ ਤਰ੍ਹਾਂ ਪੱਛਮੀ ਬੰਗਾਲ ਅਤੇ ਅਸਾਮ ਵਿਚ ਭਾਜਪਾ ਦੀ ਸਰਕਾਰ ਬਣਨ ਦੀ ਖੁਸ਼ੀ ਵਿਚ ਭਾਜਪਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਸਮਾਜ ਸੇਵਕਾ ਗੁਰਪ੍ਰੀਤ ਕੌਰ ਉੱਭਾ ਦੇ ਦਫ਼ਤਰ ਵਿਖੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਭਾਜਪਾ ਵਰਕਰਾਂ ਅਤੇ ਸਮਰਥਕਾਂ ਨੇ ਲੱਡੂ ਵੰਡੇ ਅਤੇ ਇਕ-ਦੂਜੇ ਨੂੰ ਵਧਾਈ ਦਿੱਤੀ। ਇਸ ਮੌਕੇ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਵਫ਼ਾਦਾਰ ਵਰਕਰਾਂ ਦੀ ਸਖ਼ਤ ਮਿਹਨਤ ਸਦਕਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭਾਜਪਾ ਪ੍ਰਤੀ ਲੋਕਾਂ ਦਾ ਵਿਸ਼ਵਾਸ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਵੀ ਕਮਲ ਖਿਲੇਗਾ। ਨਗਰ ਨਿਗਮ ਚੋਣਾਂ ਵਿਚ ਭਾਜਪਾ ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਭਾਜਪਾ ਦੇ ਮੀਤ ਪ੍ਰਧਾਨ ਮਨੋਜ ਸ਼ਰਮਾ, ਭਾਜਪਾ ਆਗੂ ਦੀਪਾ ਅਰੋੜਾ, ਭਾਜਪਾ ਮੰਡਲ-3 ਦੇ ਜਨਰਲ ਸਕੱਤਰ ਗੁਲਸ਼ਨ ਸੂਦ, ਭਾਜਪਾ ਓਬੀਸੀ ਮੋਰਚਾ ਸਰਕਲ ਦੇ ਪ੍ਰਧਾਨ ਰਿਤੇਸ਼ ਸੈਣੀ, ਕਿਰਨਪਾਲ ਬੱਗਾ, ਅਖਿਲੇਸ਼, ਜੋਗਿੰਦਰ ਭਾਟੀਆ, ਚਿਮਨ ਗੋਇਲ, ਓਂਕਾਰ ਅਹੂਜਾ, ਪਵਨ ਸਚਦੇਵਾ, ਗੁਰਪ੍ਰੀਤ ਕੌਰ ਉੱਭਾ, ਅਮਰਜੀਤ ਸਿੰਘ, ਗਿਆਨ ਭਾਟੀਆ, ਗੋਪਾਲ ਸ਼ਰਮਾ ਆਦਿ ਮੌਜੂਦ ਸਨ। ਇਸੇ ਤਰ੍ਹਾਂ ਭਾਜਪਾ ਦੇ ਸੀਨੀਅਰ ਆਗੂ ਅਤੇ ਰੀਅਲ ਅਸਟੇਟ ਦੇ ਕਾਰੋਬਾਰੀ ਸ਼ਲਿੰਦਰ ਅਨੰਦ ਦੀ ਅਗਵਾਈ ਹੇਠ ਮੁਹਾਲੀ ਦੇ ਫੇਜ਼-7 ਵਿਚ ਭਾਜਪਾ ਦੀ ਜਿੱਤ ਦਾ ਜਸ਼ਨ ਮਨਾਇਆ ਅਤੇ ਲੱਡੂ ਵੰਡੇ। ਇਸ ਮੌਕੇ ਸਾਬਕਾ ਕੌਂਸਲਰ ਅਸ਼ੋਕ ਝਾਅ, ਸੁੰਦਰ ਲਾਲ ਅਗਰਵਾਲ, ਰੂਪਾ ਸੋਹਾਣਾ, ਪ੍ਰਵੀਨ ਸ਼ਰਮਾ, ਕਮਲੇਸ਼ ਮਿਸ਼ਰਾ, ਪਿਊਸ਼ ਅਨੰਦ ਅਤੇ ਹੋਰ ਵਰਕਰ ਹਾਜ਼ਰ ਸਨ।