ਹੁਣ ਜਿੱਤ-ਹਾਰ ਦੇ ਗਣਿਤ ’ਚ ਜੁਟੀਆਂ ਸਿਆਸੀ ਪਾਰਟੀਆਂ, ਗਿਣਤੀ ਕੇਂਦਰਾਂ ਦੇ ਬਾਹਰ ਪੁਲਿਸ ਦਾ ਪਹਿਰਾ, ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੇ ਪਾਈਆਂ ਘੱਟ ਵੋਟਾਂ
ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਦਾ ਅਮਲ ਮੰਗਲਵਾਰ ਨੂੰ ਦੇਰ ਸ਼ਾਮ ਮੁੱਕ ਗਿਆ ਹੈ ਅਤੇ ਉਮੀਦਵਾਰਾਂ ਦਾ ਭਵਿੱਖ ਬੈਲਟ ਪੇਪਰ ਵਾਲੇ ਬਕਸਿਆਂ ਵਿਚ ਬੰਦ ਹੈ। ਜਿਨ੍ਹਾਂ ਨੂੰ ਗਿਣਤੀ ਕੇਂਦਰਾਂ ਵਿਚ ਸੁਰੱਖਿਅਤ ਰੱਖਿਆ ਗਿਆ ਹੈ। ਜਿੱਥੇ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਨੂੰ ਵੋਟਾਂ ਦੀ ਰਾਖੀ ਲਈ ਤਾਇਨਾਤ ਕੀਤਾ ਗਿਆ ਹੈ।
Publish Date: Thu, 28 May 2026 11:40 AM (IST)
Updated Date: Thu, 28 May 2026 11:43 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਦਾ ਅਮਲ ਮੰਗਲਵਾਰ ਨੂੰ ਦੇਰ ਸ਼ਾਮ ਮੁੱਕ ਗਿਆ ਹੈ ਅਤੇ ਉਮੀਦਵਾਰਾਂ ਦਾ ਭਵਿੱਖ ਬੈਲਟ ਪੇਪਰ ਵਾਲੇ ਬਕਸਿਆਂ ਵਿਚ ਬੰਦ ਹੈ। ਜਿਨ੍ਹਾਂ ਨੂੰ ਗਿਣਤੀ ਕੇਂਦਰਾਂ ਵਿਚ ਸੁਰੱਖਿਅਤ ਰੱਖਿਆ ਗਿਆ ਹੈ। ਜਿੱਥੇ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਨੂੰ ਵੋਟਾਂ ਦੀ ਰਾਖੀ ਲਈ ਤਾਇਨਾਤ ਕੀਤਾ ਗਿਆ ਹੈ।
ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਉਮੀਦਵਾਰਾਂ ਦੀਆਂ ਧੜਕਣਾਂ ਹੁਣ ਤੇਜ਼ ਹੋ ਗਈਆਂ ਹਨ ਅਤੇ ਉਹ ਵੋਟਰ ਸੂਚੀਆਂ ਲੈ ਕੇ ਭੁਗਤੀਆਂ ਵੋਟਾਂ ਦਾ ਮੁਲਾਂਕਣ ਕਰਕੇ ਜਿੱਤ-ਹਾਰ ਦੀਆਂ ਕਿਆਸ-ਅਰਾਈਆਂ ਲਗਉਣ ’ਚ ਜੁੱਟ ਗਏ ਹਨ। ਕਈ ਆਗੂਆਂ ਨੇ ਸਵੇਰੇ ਘਰ ਦੇ ਬਗਿੱਚੇ ਅਤੇ ਡਰੈਂਗ ਰੂਮ ਵਿਚ ਬੈਠ ਕੇ ਚਾਹ ਦੀ ਪਿਆਲੀ ਦੇ ਨਾਲ-ਨਾਲ ਵੋਟਾਂ ਦੀ ਗਿਣਤੀ ਮਿੰਨਤੀ ਵੀ ਕੀਤੀ।
ਜਾਣਕਾਰੀ ਅਨੁਸਾਰ ਸ਼ਹਿਰ ਦੇ 50 ਵਾਰਡਾਂ ਵਿਚ ਹੋਈਆਂ ਚੋਣਾਂ ਵਿਚ ਕੁੱਲ 227 ਉਮੀਦਵਾਰ ਮੈਦਾਨ ਵਿਚ ਉਤਰੇ ਸਨ ਅਤੇ ਹੁਣ ਸਾਰਿਆਂ ਦੀ ਨਜ਼ਰ 29 ਮਈ ਨੂੰ ਵੋਟਾਂ ਦੀ ਗਿਣਤੀ ’ਤੇ ਟਿਕ ਗਈ ਹੈ। ਨਿਗਮ ਚੋਣਾਂ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਲਈ ਵਕਾਰ ਦਾ ਸਵਾਲ ਮੰਨਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿਚ ਨਗਰ ਨਿਗਮ ਚੋਣਾਂ ਨੂੰ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰੀ-ਬੋਰਡ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਹੈ।
ਨਿਗਮ ਖੇਤਰ ਵਿਚ ਕੁੱਲ 1,75,357 ਵੋਟਰ ਸਨ। ਜਿਨ੍ਹਾਂ ’ਚੋਂ 96,157 ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਜੋ 54.84 ਫ਼ੀਸਦੀ ਬਣਦੀ ਹੈ। ਸਿਆਸੀ ਪਾਰਟੀਆਂ ਦੇ ਆਗੂ ਮਤਦਾਨ ਪ੍ਰਤੀਸ਼ਤ ਨੂੰ ਆਪੋ-ਆਪਣੇ ਪੱਖ ਵਿਚ ਮੰਨ ਕੇ ਜਿੱਤ ਦੇ ਦਾਅਵੇ ਕਰ ਰਹੇ ਹਨ। ਕਈ ਵਾਰਡਾਂ ਵਿਚ ਉਮੀਦ ਨਾਲੋਂ ਵੱਧ ਮਤਦਾਨ ਹੋਣ ਕਾਰਨ ਉਮੀਦਵਾਰਾਂ ਦੀ ਚਿੰਤਾ ਵੀ ਵੱਧ ਗਈ ਹੈ, ਪ੍ਰੰਤੂ ਕਈ ਬੂਥਾਂ ’ਤੇ ਘੱਟ ਮਤਦਾਨ ਹੋਇਆ ਹੈ।
ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਨੇ ਮਤਦਾਨ ਪ੍ਰਕਿਰਿਆ ਤੋਂ ਬਾਅਦ ਆਪਣੇ ਪੱਧਰ 'ਤੇ ਸਮੀਖਿਆਵਾਂ ਸ਼ੁਰੂ ਕਰ ਦਿੱਤੀਆਂ ਹਨ। ਵਾਰਡ ਪੱਧਰ 'ਤੇ ਬੂਥਵਾਈਜ਼ ਮਤਦਾਨ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤਾਂ ਜੋ ਜਿੱਤ-ਹਾਰ ਦਾ ਅੰਦਾਜ਼ਾ ਲਗਾਇਆ ਜਾ ਸਕੇ। ਖ਼ਾਸ ਕਰਕੇ ਉਨ੍ਹਾਂ ਵਾਰਡਾਂ 'ਤੇ ਸਾਰਿਆਂ ਦੀ ਨਜ਼ਰ ਹੈ, ਜਿੱਥੇ ਮੁਕਾਬਲਾ ਤਿਕੋਣਾ ਜਾਂ ਫਿਰ ਬੇਹੱਦ ਫਸਵਾਂ ਮੰਨਿਆ ਜਾ ਰਿਹਾ ਹੈ।
ਵਾਰਡਵਾਈਜ਼ ਮਤਦਾਨ ਦੇ ਅੰਕੜੇ
ਵਾਰਡ ਨੰ. 1 ਵਿਚ 2805 ਵੋਟਾਂ ਪੋਲ ਹੋਈਆਂ। ਜਿਨ੍ਹਾਂ ਵਿਚ ਪੁਰਸ਼ 1578 ਅਤੇ 1227 ਔਰਤਾਂ, ਵਾਰਡ ਨੰ. 2 ਵਿਚ ਕੁੱਲ 1815 ਵੋਟਾਂ ਪੋਲ ਹੋਈਆਂ। ਜਿਨ੍ਹਾਂ ਵਿਚ ਪੁਰਸ਼ 908 ਅਤੇ 907 ਔਰਤਾਂ, ਵਾਰਡ ਨੰ. 3 ਵਿਚ ਔਰਤਾਂ ਨੇ ਵੱਧ ਮਤਦਾਨ ਕੀਤਾ। ਇੱਥੇ ਕੁੱਲ 1817 ਵੋਟਾਂ ਪੋਲ ਹੋਈਆਂ। ਜਿਨ੍ਹਾਂ ਵਿਚ 902 ਪੁਰਸ਼ ਤੇ 915 ਔਰਤਾਂ ਹਨ।
ਵਾਰਡ ਨੰ. 4 ਵਿਚ 2281 ਵੋਟਾਂ ਪਈਆਂ। ਇਨ੍ਹਾਂ ਵਿਚ 1574 ਪੁਰਸ਼ ਤੇ 1381 ਔਰਤਾਂ ਹਨ। ਇੰਜ ਹੀ ਵਾਰਡ ਨੰ. 5 ਵਿਚ 2240 ਵੋਟਾਂ ਪੋਲ ਹੋਈਆਂ। ਜਿਨ੍ਹਾਂ ਵਿਚ 824 ਪੁਰਸ਼ ਤੇ 742 ਔਰਤਾਂ। ਵਾਰਡ ਨੰ. 6 ਵਿਚ 954 ਪੁਰਸ਼ ਅਤੇ 954 ਔਰਤਾਂ ਨੇ ਬਾਰਬਾਰ ਵੋਟਾਂ ਪਾਈਆਂ ਹਨ। ਵਾਰਡ ਨੰ. 7 ਵਿਚ ਵੀ ਮਹਿਲਾ ਵੋਟਰਾਂ ਦੀ ਗਿਣਤੀ ਰਹੀ। ਪੋਲ ਹੋਈਆਂ 1627 ਵੋਟਾਂ ਵਿਚ 865 ਔਰਤਾਂ ਤੇ 762 ਪੁਰਸ਼ ਹਨ। ਵਾਰਡ ਨੰ. 8 ਵਿਚ 1893 ਵੋਟਾਂ ਪੋਲ ਹੋਈਆਂ ਹਨ। ਇਨ੍ਹਾਂ ਵਿਚ 950 ਪੁਰਸ਼ ਤੇ 943 ਔਰਤਾਂ।
ਵਾਰਡ ਨੰ. 9 ਵਿਚ ਪੋਲ ਹੋਈਆਂ 1628 ਵੋਟਾਂ ’ਚੋਂ 815 ਪੁਰਸ਼ ਤੇ 813 ਔਰਤਾਂ ਅਤੇ ਵਾਰਡ ਨੰ. 10 ਵਿਚ 2381 ਵੋਟਾਂ ਪੋਲ ਹੋਈਆਂ। ਇਨ੍ਹਾਂ ਵਿਚ 1492 ਪੁਰਸ਼ ਅਤੇ 1415 ਔਰਤਾਂ ਸ਼ਾਮਲ ਹਨ। ਇਸੇ ਤਰ੍ਹਾਂ ਬਾਕੀ ਵਾਰਡਾਂ ਵਿਚ ਵੀ ਔਰਤਾਂ ਦਾ ਮਤਦਾਨ ਘੱਟ ਰਿਹਾ ਹੈ। ਉਂਜ ਕਈ ਬੂਥਾਂ ’ਤੇ ਜ਼ਰੂਰ ਔਰਤਾਂ ਦੀਆਂ ਵੋਟਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਵੱਧ ਦੇਖੀ ਗਈ ਹੈ।