ਨਿਤਿਨ ਨੈਸ਼ਨਲ ਪੂਲ ਦੇ ਫਾਈਨਲ ’ਚ, ਪੰਕਜ ਅਡਵਾਣੀ ਨਾਲ ਹੋਵੇਗਾ ਮੁਕਾਬਲਾ
ਡੇਰਾਬੱਸੀ ਦੇ ਨਿਤਿਨ ਸ਼ਰਮਾ ਨੈਸ਼ਨਲ ਪੂਲ ਦੇ ਫਾਈਨਲ ਵਿਚ, ਪੰਕਜ ਅਡਵਾਣੀ ਨਾਲ ਹੋਵੇਗਾ ਮੁਕਾਬਲਾ
Publish Date: Mon, 30 Mar 2026 09:04 PM (IST)
Updated Date: Mon, 30 Mar 2026 09:06 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਖੇਡ ਜਗਤ ਵਿਚ ਡੇਰਾਬੱਸੀ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਡੇਰਾਬੱਸੀ ਦੇ ਹੋਣਹਾਰ ਖਿਡਾਰੀ ਨਿਤਿਨ ਸ਼ਰਮਾ ਨੇ 9-ਬਾਲ ਪੂਲ ਨੈਸ਼ਨਲ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ ਹੈ। ਇਸ ਪ੍ਰਾਪਤੀ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਨਿਤਿਨ ਨੂੰ ਵਧਾਈਆਂ ਮਿਲ ਰਹੀਆਂ ਹਨ। ਹੁਣ ਨਿਤਿਨ ਸ਼ਰਮਾ ਦਾ ਫਾਈਨਲ ਮੁਕਾਬਲਾ ਦੇਸ਼ ਦੇ ਮਸ਼ਹੂਰ ਬਿਲੀਅਰਡਸ ਅਤੇ ਸਨੂਕਰ ਖਿਡਾਰੀ ਪੰਕਜ ਅਡਵਾਣੀ ਨਾਲ ਹੋਵੇਗਾ, ਜੋ ਕਿ ਕੱਲ੍ਹ ਸ਼ਾਮ ਲੁਧਿਆਣਾ ਵਿਚ ਖੇਡਿਆ ਜਾਵੇਗਾ। ਖੇਡ ਪ੍ਰੇਮੀਆਂ ਦੀ ਨਜ਼ਰ ਇਸ ਰੋਮਾਂਚਕ ਟੱਕਰ ’ਤੇ ਟਿਕੀ ਹੋਈ ਹੈ, ਕਿਉਂਕਿ ਦੋਵੇਂ ਖਿਡਾਰੀ ਆਪੋ-ਆਪਣੇ ਖੇਤਰ ਵਿਚ ਮਾਹਰ ਮੰਨੇ ਜਾਂਦੇ ਹਨ। ਨਿਤਿਨ ਸ਼ਰਮਾ ਦੀ ਇਹ ਉਪਲਬੱਧੀ ਕੋਈ ਪਹਿਲੀ ਵਾਰ ਨਹੀਂ ਹੈ। ਉਹ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਕਾਬਲੀਅਤ ਸਾਬਤ ਕਰ ਚੁੱਕੇ ਹਨ। ਸਾਲ 2025 ਵਿਚ ਨਿਤਿਨ ਸ਼ਰਮਾ ਨੇ ਕੈਨੇਡਾ ਵਿਚ ਹੋਈ ਚਾਈਨੀਜ਼ 8-ਬਾਲ ਪੂਲ ਚੈਂਪੀਅਨਸ਼ਿਪ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ। ਇਸ ਜਿੱਤ ਨਾਲ ਉਨ੍ਹਾਂ ਨੇ ਵਿਦੇਸ਼ੀ ਧਰਤੀ ’ਤੇ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਸੀ। ਸਥਾਨਕ ਲੋਕਾਂ ਅਤੇ ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਨਿਤਿਨ ਸ਼ਰਮਾ ਦੀ ਮਿਹਨਤ, ਲਗਨ ਅਤੇ ਜਜ਼ਬਾ ਨੌਜਵਾਨਾਂ ਲਈ ਪ੍ਰੇਰਨਾ ਹੈ। ਉਨ੍ਹਾਂ ਦੀ ਇਸ ਕਾਮਯਾਬੀ ਨਾਲ ਡੇਰਾਬੱਸੀ ਦਾ ਨਾਮ ਖੇਡਾਂ ਦੇ ਨਕਸ਼ੇ ’ਤੇ ਹੋਰ ਉੱਚਾ ਹੋਇਆ ਹੈ। ਹੁਣ ਸਾਰਿਆਂ ਦੀਆਂ ਉਮੀਦਾਂ ਨਿਤਿਨ ਸ਼ਰਮਾ ’ਤੇ ਹਨ ਕਿ ਉਹ ਫਾਈਨਲ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖਿਤਾਬ ਆਪਣੇ ਨਾਂ ਕਰਨਗੇ ਅਤੇ ਇਲਾਕੇ ਦਾ ਨਾਂ ਹੋਰ ਚਮਕਾਉਣਗੇ।