ਸੈਕਟਰ-45 ਬੁੜੈਲ ਸਿਲੰਡਰ ਬਲਾਸਟ : ਵੈਂਟੀਲੇਟਰ ’ਤੇ 2 ਮਜ਼ਦੂਰ, ਮਾਲਕ ਖ਼ਿਲਾਫ਼ ਕੇਸ ਦਰਜ
ਸੈਕਟਰ-45 ਬੁੜੈਲ ਸਿਲੰਡਰ ਬਲਾਸਟ : ਵੈਂਟੀਲੇਟਰ ‘ਤੇ ਦੋ ਮਜ਼ਦੂਰ, ਮਾਲਕ ਖ਼ਿਲਾਫ਼ ਕੇਸ ਦਰਜ
Publish Date: Tue, 26 May 2026 07:56 PM (IST)
Updated Date: Wed, 27 May 2026 04:10 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਸੈਕਟਰ-45 ਸਥਿਤ ਬੁੜੈਲ ਦੇ ਕਿਲਾ ਸਾਹਿਬ ਗੁਰਦੁਆਰਾ ਨੇੜੇ ਸੋਮਵਾਰ ਸ਼ਾਮੀਂ ਵਿਜੇ ਕਰਿਆਨਾ ਸਟੋਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਲਿਕਵਿਡ ਪੈਟਰੋਲਿਅਮ ਗੈਸ (ਐਲਪੀਜੀ) ਭਰਨ ਦੌਰਾਨ ਹੋਏ ਭਿਆਨਕ ਹਾਦਸੇ ਨੇ ਕਈ ਪਰਿਵਾਰਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਸਿਲੰਡਰ ਧਮਾਕੇ ਵਿੱਚ ਝੁਲਸੇ ਮਜ਼ਦੂਰ ਮੁੰਨਾ ਦੀ ਸੋਮਵਾਰ ਰਾਤ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਮਜ਼ਦੂਰ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੇ ਹਨ। ਬਿਹਾਰ ਦਾ ਰਹਿਣ ਵਾਲਾ ਗੋਪੀ 60 ਫੀਸਦੀ ਤੋਂ ਵੱਧ ਝੁਲਸ ਚੁੱਕਾ ਹੈ ਅਤੇ ਉਸਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਮਹੇਸ਼ ਵੀ 60 ਫੀਸਦੀ ਤੋਂ ਵੱਧ ਸੜ ਗਿਆ ਹੈ ਅਤੇ ਆਕਸੀਜਨ ਸਹਾਇਤਾ ’ਤੇ ਹੈ। ਹੋਰ ਜ਼ਖ਼ਮੀ ਸਤੀਸ਼, ਮਨੀਸ਼ ਕੁਮਾਰ ਅਤੇ ਵਿਜੈ ਦਾ ਸੈਕਟਰ-32 ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਇਸ ਵੇਲੇ ਖ਼ਤਰੇ ਤੋਂ ਬਾਹਰ ਹੈ। ਹਾਦਸੇ ਵਿਚ ਜ਼ਖ਼ਮੀ ਸਤੀਸ਼ ਨੇ ਦੱਸਿਆ ਕਿ ਉਹ ਵਿਜੇ ਕਰਿਆਨਾ ਸਟੋਰ ਦੇ ਪਿੱਛੇ ਬਣੇ ਕਮਰੇ ਵਿੱਚ ਹੋਰ ਮਜ਼ਦੂਰਾਂ ਨਾਲ ਰਹਿੰਦਾ ਸੀ। ਕਰਿਆਨਾ ਸਟੋਰ ਅਤੇ ਉਨ੍ਹਾਂ ਦੇ ਕਮਰੇ ਦੀ ਇੱਕੋ ਹੀ ਕੰਧ ਸੀ। ਸੋਮਵਾਰ ਸ਼ਾਮ ਕਰੀਬ ਛੇ ਵਜੇ ਸਾਰੇ ਮਜ਼ਦੂਰ ਕੰਮ ਤੋਂ ਵਾਪਸ ਆ ਕੇ ਕਮਰੇ ਵਿੱਚ ਆਰਾਮ ਕਰ ਰਹੇ ਸਨ। ਸਤੀਸ਼ ਮੁਤਾਬਕ ਗੋਪੀ ਅਤੇ ਮਹੇਸ਼ ਕਮਰੇ ਦੇ ਦਰਵਾਜ਼ੇ ਕੋਲ ਖੜ੍ਹੇ ਸਨ। ਇਸ ਦੌਰਾਨ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਲੋਕ ਹਾਲੇ ਕੁਝ ਸਮਝ ਹੀ ਨਹੀਂ ਪਾਏ ਸਨ ਕਿ ਦੂਜਾ ਅਤੇ ਫਿਰ ਤੀਜਾ ਸਿਲੰਡਰ ਵੀ ਫਟ ਗਿਆ। ਲਗਾਤਾਰ ਹੋਏ ਧਮਾਕਿਆਂ ਨਾਲ ਪੂਰੇ ਇਲਾਕੇ ਵਿੱਚ ਅਫ਼ਰਾ-ਤਫ਼ਰੀ ਮਚ ਗਈ। ਸਤੀਸ਼ ਨੇ ਦੱਸਿਆ ਕਿ ਧਮਾਕਿਆਂ ਨਾਲ ਕੰਧ ਟੁੱਟ ਗਈ ਅਤੇ ਕਮਰੇ ਵਿੱਚ ਅੱਗ ਫੈਲ ਗਈ। ਹਰ ਪਾਸੇ ਚੀਕ ਚਿਹਾੜਾ ਪੈ ਗਿਆ । ਉਸ ਨੇ ਦੇਖਿਆ ਕਿ ਮੁੰਨਾ ਬਾਥਰੂਮ ਦੇ ਨੇੜੇ ਡਿੱਗਿਆ ਹੋਇਆ ਸੀ ਅਤੇ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਸੀ। ਉਸਨੇ ਆਪਣੇ ਗਮਛੇ ਨਾਲ ਕਿਸੇ ਤਰ੍ਹਾਂ ਉਸਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਕਮਰੇ ਦਾ ਮੰਜ਼ਰ ਬਹੁਤ ਹੀ ਭਿਆਨਕ ਸੀ। ਗੋਪੀ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ ਅਤੇ ਹੋਰ ਲੋਕ ਵੀ ਅੱਗ ਦੀ ਚਪੇਟ ਵਿੱਚ ਆ ਕੇ ਇੱਧਰ-ਉੱਧਰ ਡਿੱਗੇ ਪਏ ਸਨ। ਖੁਦ ਸਤੀਸ਼ ਵੀ ਅੱਗ ਵਿੱਚ ਝੁਲਸ ਗਿਆ, ਪਰ ਇਸਦੇ ਬਾਵਜੂਦ ਉਸਨੇ ਹੋਰ ਜ਼ਖ਼ਮੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸਤੀਸ਼ ਦਾ ਕਹਿਣਾ ਹੈ ਕਿ ਉਸਨੇ ਇੱਕ ਮਹੀਨਾ ਪਹਿਲਾਂ ਗੈਰ-ਕਾਨੂੰਨੀ ਗੈਸ ਰੀਫਿਲਿੰਗ ਕਰਨ ਵਾਲੇ ਵਿਜੈ ਨੂੰ ਇਹ ਕੰਮ ਬੰਦ ਕਰਨ ਅਤੇ ਹਾਦਸੇ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਸੀ, ਪਰ ਵਿਜੈ ਨੇ ਉਸਦੀ ਗੱਲ ਨਹੀਂ ਮੰਨੀ। ਹੁਣ ਇਹ ਵੱਡਾ ਹਾਦਸਾ ਹੋ ਗਿਆ। ਬਾਕਸ-- ਗੈਰ-ਕਾਨੂੰਨੀ ਗੈਸ ਰੀਫਿਲਿੰਗ ’ਤੇ ਉੱਠੇ ਸਵਾਲ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਰਿਆਨਾ ਸਟੋਰ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਐੱਲਪੀਜੀ ਭਰਨ ਦਾ ਕੰਮ ਕੀਤਾ ਜਾ ਰਿਹਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸੇ ਦੌਰਾਨ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਲਾਕੇ ਵਿੱਚ ਇਸ ਤਰ੍ਹਾਂ ਦੀ ਗੈਰ-ਕਾਨੂੰਨੀ ਗੈਸ ਰੀਫਿਲਿੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ ਪਰ ਪ੍ਰਸ਼ਾਸਨ ਨੇ ਕਦੇ ਕਾਰਵਾਈ ਨਹੀਂ ਕੀਤੀ। ਬਾਕਸ-- ਕਰਿਆਨਾ ਸਟੋਰ ਮਾਲਕ ’ਤੇ ਮਾਮਲਾ ਦਰਜ ਮਾਮਲੇ ਵਿੱਚ ਬੁੜੈਲ ਚੌਕੀ ਪੁਲਿਸ ਨੇ ਕਰਿਆਨਾ ਸਟੋਰ ਦੇ ਮਾਲਕ ਵਿਜੈ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 326 ਅਤੇ 105 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਗੈਰਕਾਨੂੰਨੀ ਗੈਸ ਰੀਫਿਲਿੰਗ ਦਾ ਨੈੱਟਵਰਕ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ। ਪੁਲਿਸ ਨੂੰ ਘਟਨਾ ਸਥਾਨ ਤੋਂ ਕਰੀਬ 18 ਕਮਰਸ਼ੀਅਲ ਅਤੇ ਘਰੇਲੂ ਗੈਸ ਸਿਲੰਡਰ ਬਰਾਮਦ ਹੋਏ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਰਿਆਨਾ ਸਟੋਰ ਸੰਚਾਲਕ ਵਿਜੈ ਲੰਬੇ ਸਮੇਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਸਿਲੰਡਰਾਂ ਵਿੱਚ ਗੈਸ ਭਰਨ ਦਾ ਕੰਮ ਕਰ ਰਿਹਾ ਸੀ।