ਤਿੰਨ ਰਾਜਾਂ ਵਿੱਚ ਸੈਟੇਲਾਈਟ ਸੈਂਟਰ ਖੁੱਲਣ ਦੇ ਬਾਵਜੂਦ ਵੀ ਲੋਕਾਂ ਦਾ ਭਰੋਸਾ ਚੰਡੀਗੜ੍ਹ ਪੀਜੀਆਈ ’ਤੇ

- 2024-25 ’ਚ ਇਲਾਜ ਲਈ ਪਹੁੰਚੇ 27.45 ਲੱਖ ਮਰੀਜ਼
- ਪੰਜਾਬ ਤੋਂ 37 ਫ਼ੀਸਦੀ, ਹਰਿਆਣਾ ਤੋਂ 17 ਫ਼ੀਸਦੀ, ਹਿਮਾਚਲ ਤੋਂ 14 ਫ਼ੀਸਦੀ ਅਤੇ ਯੂਪੀ ਤੋਂ 6 ਫ਼ੀਸਦੀ ਮਰੀਜ਼ ਪਹੁੰਚੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੰਡੀਗੜ੍ਹ : ਪੀਜੀਆਈ ’ਤੇ ਮਰੀਜ਼ਾਂ ਦੇ ਵੱਧ ਰਹੇ ਦਬਾਅ ਨੂੰ ਘਟਾਉਣ ਅਤੇ ਲੋਕਾਂ ਨੂੰ ਘਰ ਦੇ ਨੇੜੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਮੰਤਰਾਲੇ ਵੱਲੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਸੈਟੇਲਾਈਟ ਸੈਂਟਰ ਅਤੇ ਏਮਜ ਵਰਗੀਆਂ ਸਿਹਤ ਸੰਸਥਾਵਾਂ ਖੋਲੀਆਂ ਗਈਆਂ ਹਨ। ਇਸ ਦੇ ਬਾਵਜੂਦ ਚੰਡੀਗੜ੍ਹ ਪੀਜੀਆਈ ’ਤੇ ਮਰੀਜ਼ਾਂ ਦਾ ਦਬਾਅ ਘੱਟ ਨਹੀਂ ਹੋ ਰਿਹਾ। ਇਸ ਦਾ ਮੁੱਖ ਕਾਰਨ ਪੀਜੀਆਈ ਦੀ ਭਰੋਸੇਯੋਗਤਾ ਅਤੇ ਸਾਖ ਨੂੰ ਮੰਨਿਆ ਜਾ ਰਿਹਾ ਹੈ। ਪੀਜੀਆਈ ਦੀ ਇੱਕ ਸਾਲਾਨਾ ਰਿਪੋਰਟ ਅਨੁਸਾਰ ਪਿਛਲੇ ਵਿੱਤੀ ਸਾਲ ਦੌਰਾਨ 27.45 ਲੱਖ ਤੋਂ ਵੱਧ ਮਰੀਜ਼ ਇਲਾਜ ਲਈ ਚੰਡੀਗੜ੍ਹ ਪੀਜੀਆਈ ਪਹੁੰਚੇ। ਇਨ੍ਹਾਂ ਵਿੱਚ ਪੰਜਾਬ ਤੋਂ 10.16 ਲੱਖ, ਹਰਿਆਣਾ ਤੋਂ 4.70 ਲੱਖ, ਹਿਮਾਚਲ ਪ੍ਰਦੇਸ਼ ਤੋਂ 3.94 ਲੱਖ ਅਤੇ ਉੱਤਰ ਪ੍ਰਦੇਸ਼ ਤੋਂ 1.52 ਲੱਖ ਮਰੀਜ਼ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਗਾਇਨੀ, ਦਿਲ ਦੀਆਂ ਬਿਮਾਰੀਆਂ ਅਤੇ ਨਿਊਰੋ ਦੇ ਮਰੀਜ਼ ਸਭ ਤੋਂ ਵੱਧ ਆਏ ਹਨ।
ਇਹ ਹਾਲਾਤ ਉਸ ਵੇਲੇ ਹਨ, ਜਦੋਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਏਮਜ ਊਨਾ ਵਿੱਚ ਪੀਜੀਆਈ ਦਾ ਸੈਟੇਲਾਈਟ ਸੈਂਟਰ, ਬਠਿੰਡਾ ਵਿੱਚ ਏਮਜ, ਸੰਗਰੂਰ ਵਿੱਚ ਪੀਜੀਆਈ ਦਾ ਸੈਟੇਲਾਈਟ ਸੈਂਟਰ ਅਤੇ ਹਰਿਆਣਾ ਦੇ ਰੋਹਤਕ ਵਿੱਚ ਪੀਜੀਆਈ ਖੁੱਲ੍ਹ ਚੁੱਕੇ ਹਨ। ਪਰ ਇਨ੍ਹਾਂ ਸੰਸਥਾਵਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਕਮੀ ਅਤੇ ਸਟਾਫ ਦੀ ਘਾਟ ਕਾਰਨ ਲੋਕ ਉੱਥੇ ਇਲਾਜ ਕਰਵਾਉਣ ਤੋਂ ਕਤਰਾਉਂਦੇ ਹਨ ਅਤੇ ਚੰਡੀਗੜ੍ਹ ਦਾ ਰੁਖ ਕਰ ਰਹੇ ਹਨ। ਇਹ ਸਥਿਤੀ ਉਸ ਸਮੇਂ ਵੀ ਬਣੀ ਹੋਈ ਹੈ, ਜਦੋਂ ਪੀਜੀਆਈ ਪ੍ਰਸ਼ਾਸਨ ਕਈ ਵਾਰ ਗੁਆਂਢੀ ਸੂਬਿ੍ਆਂ ਨੂੰ ਸਿਰਫ਼ ਗੰਭੀਰ ਅਤੇ ਰੈਫਰ ਮਰੀਜ਼ ਭੇਜਣ ਦੀ ਅਪੀਲ ਕਰ ਚੁੱਕਾ ਹੈ। ਪਰ ਹੋਰ ਸੂਬਿਆਂ ਵਿੱਚ ਸਹੂਲਤਾਂ ਦੀ ਘਾਟ ਅਤੇ ਪੀਜੀਆਈ ’ਤੇ ਭਰੋਸੇ ਕਾਰਨ ਮਰੀਜ਼ ਇੱਥੇ ਪਹੁੰਚ ਰਹੇ ਹਨ।
-----
- ਵੱਖ-ਵੱਖ ਸੂਬਿਆਂ ਤੋਂ ਪੀਜੀਆਈ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ
ਰਾਜ — ਮਰੀਜ਼ਾਂ ਦੀ ਗਿਣਤੀ — ਫ਼ੀਸਦੀ
ਪੰਜਾਬ — 1016896 — 37 ਫ਼ੀਸਦੀ
ਹਰਿਆਣਾ — 470085 — 17 ਫ਼ੀਸਦੀ
ਹਿਮਾਚਲ ਪ੍ਰਦੇਸ਼ — 394576 — 14 ਫ਼ੀਸਦੀ
ਚੰਡੀਗੜ੍ਹ — 456011 — 17 ਫ਼ੀਸਦੀ
ਉੱਤਰ ਪ੍ਰਦੇਸ਼ — 152019 — 6 ਫ਼ੀਸਦੀ
ਹੋਰ ਰਾਜ — 135276 — 5 ਫ਼ੀਸਦੀ
ਕੁੱਲ — 2745080
ਮਰੀਜ਼ ਅਬਦੁਲ ਵਾਹਿਦ ਵਾਸੀ ਰਾਜਸਥਾਨ ਦੇ ਸਰਕਾਰੀ ਹਸਪਤਾਲਾਂ ਵਿੱਚ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਪੂਰੀਆਂ ਸਹੂਲਤਾਂ ਨਹੀਂ ਹਨ। ਨਿੱਜੀ ਹਸਪਤਾਲਾਂ ਦਾ ਖਰਚਾ ਝੱਲਣਾ ਸੰਭਵ ਨਹੀਂ, ਇਸ ਲਈ ਪਿਛਲੇ ਦੋ ਸਾਲਾਂ ਤੋਂ ਨਿਯਮਿਤ ਤੌਰ ’ਤੇ ਇਲਾਜ ਲਈ ਪੀਜੀਆਈ ਆ ਰਿਹਾ ਹਾਂ।
ਮਰੀਜ਼ ਮਾਇਆਰਾਮ ਵਾਸੀ ਹਰਿਆਣਾ ਨੇ ਲੀਵਰ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਵਧੀਆ ਇਲਾਜ ਦੀ ਖੋਜ ਵਿੱਚ ਪੀਜੀਆਈ ਆਉਣਾ ਪਿਆ। ਇੱਥੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਇਲਾਜ ਚੱਲ ਰਿਹਾ ਹੈ। ਹਰਿਆਣਾ ਵਿੱਚ ਕੈਂਸਰ ਦੇ ਵਧੀਆ ਹਸਪਤਾਲ ਨਾ ਹੋਣ ਕਾਰਨ ਇੱਥੇ ਆਉਣਾ ਪਿਆ।
ਮਰੀਜ਼ ਸਿੰਧੋ ਦੇਵੀ ਵਾਸੀ ਪੰਜਾਬ ਥਾਇਰਾਇਡ ਦੀ ਸਮੱਸਿਆ ਲਈ ਕਈ ਸਾਲ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਇਆ, ਪਰ ਕੋਈ ਖਾਸ ਲਾਭ ਨਹੀਂ ਮਿਲਿਆ। ਪਿਛਲੇ ਕੁਝ ਸਮੇਂ ਤੋਂ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਹੁਣ ਸਿਹਤ ਵਿੱਚ ਸੁਧਾਰ ਮਹਿਸੂਸ ਹੋ ਰਿਹਾ ਹੈ।
ਮਰੀਜ਼ ਮੁਜਲਿਮ ਵਾਸੀ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਪਿਤਾ ਨੂੰ ਲੀਵਰ ਕੈਂਸਰ ਹੈ, ਪਰ ਸਹਾਰਨਪੁਰ ਵਿੱਚ ਵਧੀਆ ਇਲਾਜ ਦੀ ਸਹੂਲਤ ਨਹੀਂ ਮਿਲੀ। ਮਜਬੂਰਨ ਉਨ੍ਹਾਂ ਨੂੰ ਇਲਾਜ ਲਈ ਪੀਜੀਆਈ ਲੈ ਕੇ ਆਉਣਾ ਪੈ ਰਿਹਾ ਹੈ।