ਕਾਂਗਰਸ ਦੀਆਂ ਜਨ ਸਭਾਵਾਂ ਵਿਚ ਭਾਜਪਾ ਅਤੇ ਮੇਅਰ ‘ਤੇ ਤਿੱਖਾ ਨਿਸ਼ਾਨਾ

ਤਰੁਣ ਭਜਨੀ, ਪੰਜਾਬੀ ਜਾਗਰਣ
ਚੰਡੀਗੜ੍ਹ : ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਤਿੰਨ ਵੱਡੀਆਂ ਜਨ ਸਭਾਵਾਂ ਕੀਤੀਆਂ। ਇਹ ਜਨ ਸਭਾਵਾਂ ਸੈਕਟਰ 15, ਡੱਡੂ ਮਾਜਰਾ ਕਾਲੋਨੀ ਅਤੇ ਮਲੋਆ ਸਮਾਲ ਫਲੈਟਸ ਵਿੱਚ ਕੀਤੀਆਂ ਗਈਆਂ। ਜਿੱਥੇ ਵੱਡੀ ਗਿਣਤੀ ਵਿੱਚ ਸਥਾਨਕ ਵਾਸੀਆਂ, ਕਾਂਗਰਸੀ ਵਰਕਰਾਂ ਅਤੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਭਾਜਪਾ ਦੇ ਤੇ ਮੇਅਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਮੇਅਰ ਆਪਣੇ ਹੀ ਵਾਰਡ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਅਸਫਲ ਰਹੇ ਹਨ। ਐੱਚਐੱਸ ਲੱਕੀ ਨੇ ਕਿਹਾ ਕਿ ਭਾਜਪਾ ਆਗੂ ਕੁਝ ਸੜਕਾਂ ਦੀ ਰੀਕਾਰਪੇਟਿੰਗ ਨੂੰ ਵੱਡੀ ਉਪਲਬਧੀ ਅਤੇ ਵਿਕਾਸ ਦਾ ਪ੍ਰਤੀਕ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਹਕੀਕਤ ਇਹ ਹੈ ਕਿ ਕਾਂਗਰਸ ਦੇ ਸ਼ਾਸਨ ਦੌਰਾਨ ਸੜਕਾਂ ਨੂੰ ਪੰਜ ਸਾਲਾਂ ਦੇ ਅੰਦਰ ਨਵਾਂ ਬਣਾਇਆ ਜਾਂਦਾ ਸੀ। ਉਹੀ ਸੜਕਾਂ ਅੱਠ ਤੋਂ ਨੌਂ ਸਾਲ ਬੀਤ ਜਾਣ ਦੇ ਬਾਵਜੂਦ ਬਹੁਤ ਮਾੜੀ ਹਾਲਤ ਵਿੱਚ ਹਨ।
ਉਨ੍ਹਾਂ ਕਿਹਾ ਕਿ ਮੇਅਰ ਦੇ ਆਪਣੇ ਵਾਰਡ ਵਿੱਚ ਵੀ ਕੋਈ ਵੱਡਾ ਵਿਕਾਸ ਕਾਰਜ, ਨਵਾਂ ਪ੍ਰਾਜੈਕਟ ਜਾਂ ਦੂਰਦਰਸ਼ੀ ਯੋਜਨਾ ਨਹੀਂ ਦਿਖਾਈ ਦਿੰਦੀ। ਡੱਡੂ ਮਾਜਰਾ ਅਤੇ ਮਲੋਆ ਸਮਾਲ ਫਲੈਟਸ ਵਿੱਚ ਹੋਈਆਂ ਜਨ ਸਭਾਵਾਂ ਦੌਰਾਨ ਲੱਕੀ ਨੇ ਕਿਹਾ ਕਿ ਦੇਸ਼ ਅਤੇ ਸ਼ਹਿਰ ਦੋਵੇਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਡੱਡੂ ਮਾਜਰਾ ਦੇ ਕੂੜੇ ਦੇ ਪਹਾੜ ਨੂੰ ਹਟਾਉਣ ਲਈ ਕਈ ਵਾਰ ਸਮਾਂ ਸੀਮਾਵਾਂ ਦਾ ਐਲਾਨ ਕੀਤਾ, ਪਰ ਹਰ ਵਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ। ਅੱਜ ਵੀ ਡੱਡੂ ਮਾਜਰਾ ਦੇ ਲੋਕ ਪ੍ਰਦੂਸ਼ਣ ਅਤੇ ਗੰਦਗੀ ਭਰੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹਨ। ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਸੰਸਦ ਤੋਂ ਲੈ ਕੇ ਪ੍ਰਸ਼ਾਸਨ ਤੱਕ ਸ਼ਹਿਰ ਨਾਲ ਜੁੜੇ ਹਰ ਮੁੱਦੇ ਨੂੰ ਪੂਰੀ ਗੰਭੀਰਤਾ ਅਤੇ ਵਚਨਬੱਧਤਾ ਨਾਲ ਉਠਾ ਰਹੇ ਹਨ। ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਹੌਲੀ ਕਾਰਗੁਜ਼ਾਰੀ ਕਾਰਨ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਉਨ੍ਹਾਂ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਅਪਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਮਨੀਸ਼ ਤਿਵਾੜੀ ਨੇ ਆਉਣ ਵਾਲੀ ਐੱਸਆਈਆਰ ਪ੍ਰਕਿਰਿਆ ਤੋਂ ਪਹਿਲਾਂ ਲੋਕਾਂ ਨੂੰ ਆਪਣੀਆਂ ਵੋਟਾਂ ਦੀ ਜਾਂਚ ਕਰਨ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਲਈ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਰਾਜਿੰਦਰ ਹਿੰਦੁਸਤਾਨੀ, ਜਤਿਨ ਸਿੰਘ, ਹਰਜਿੰਦਰ ਸਿੰਘ ਪ੍ਰਿੰਸ, ਮਮਤਾ ਰਾਣੀ, ਦਿਲਾਵਰ ਸਿੰਘ, ਅਮਨ ਸਲੈਚ, ਵਾਸੂ, ਰਵੀ ਸ਼ਾਹ, ਅਸ਼ਵਨੀ ਕੌਸ਼ਲ, ਸਚਿਨ ਗਾਲਬ, ਦੀਪਕ, ਜਤਿੰਦਰ ਯਾਦਵ ਆਦਿ ਹਾਜ਼ਰ ਸਨ।