ਬਾਬਾ ਹਰਦੇਵ ਸਿੰਘ ਨੂੰ ਸਮਰਪਿਤ ਸਮਰਪਣ ਦਿਵਸ ਮਨਾਇਆ ਜਾਵੇਗਾ 13 ਨੂੰ
ਬਾਬਾ ਹਰਦੇਵ ਸਿੰਘ ਨੂੰ ਸਮਰਪਿਤ ‘ਸਮਰਪਣ ਦਿਵਸ’ 13 ਮਈ ਨੂੰ ਮਨਾਇਆ ਜਾਵੇਗਾ
Publish Date: Mon, 11 May 2026 07:38 PM (IST)
Updated Date: Mon, 11 May 2026 07:39 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਮਨੁੱਖਤਾ, ਪ੍ਰੇਮ, ਨਿਮਰਤਾ ਅਤੇ ਆਧਿਆਤਮਿਕਤਾ ਦੇ ਪ੍ਰਤੀਕ ਰਹੇ ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਬਾਬਾ ਹਰਦੇਵ ਸਿੰਘ ਦੀ ਪਾਵਨ ਯਾਦ ਵਿੱਚ 13 ਮਈ ਨੂੰ ਸੈਕਟਰ-30 ਏ ਚੰਡੀਗੜ੍ਹ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਸਮੇਤ ਮਨੀਮਾਜਰਾ, ਪੰਚਕੂਲਾ, ਮੋਹਾਲੀ, ਕਾਲਕਾ, ਖਰੜ, ਡੇਰਾਬੱਸੀ, ਰਾਇਪੁਰ ਰਾਣੀ ਅਤੇ ਜ਼ੀਰਕਪੁਰ ਦੀਆਂ 22 ਬ੍ਰਾਂਚਾਂ ਵਿੱਚ ਸਮਰਪਣ ਦਿਵਸ ਦੇ ਰੂਪ ਵਿਚ ਵਿਸ਼ੇਸ਼ ਸਤਿਸੰਗ ਅਤੇ ਸਮਾਗਮ ਕਰਵਾਏ ਜਾਣਗੇ। ਇਹ ਪ੍ਰੋਗਰਾਮ ਸ਼ਾਮ 6:30 ਵਜੇ ਤੋਂ ਰਾਤ 9 ਵਜੇ ਤੱਕ ਹੋਣਗੇ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਨਿਰੰਕਾਰੀ ਪਰਿਵਾਰ ਦੇ ਮੈਂਬਰ ਬਾਬਾ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਮੌਕੇ ਦਾ ਮੁੱਖ ਸਮਾਗਮ ਸੰਤ ਨਿਰੰਕਾਰੀ ਅਧਿਆਤਮਿਕ ਸਥਲ ਸਮਾਲਖਾ (ਹਰਿਆਣਾ) ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਦੀ ਅਗਵਾਈ ਹੇਠ ਕਰਵਾਇਆ ਜਾਵੇਗਾ। ਇਹ ਵਿਸ਼ਾਲ ਆਧਿਆਤਮਿਕ ਸਮਾਗਮ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਚੱਲੇਗਾ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਣਗੇ। ਇਸ ਮੌਕੇ ਬਾਬਾ ਹਰਦੇਵ ਸਿੰਘ ਨੇ ਕਰੀਬ 36 ਸਾਲਾਂ ਤੱਕ ਸੰਤ ਨਿਰੰਕਾਰੀ ਮਿਸ਼ਨ ਦੀ ਅਗਵਾਈ ਕਰਦਿਆਂ ਪ੍ਰੇਮ, ਸੇਵਾ, ਸਹਿਜਤਾ ਅਤੇ ਮਨੁੱਖੀ ਏਕਤਾ ਦਾ ਸੰਦੇਸ਼ ਸੰਸਾਰ ਭਰ ਵਿੱਚ ਫੈਲਾਇਆ। ਉਨ੍ਹਾਂ ਦੀ ਅਗਵਾਈ ਹੇਠ ਮਿਸ਼ਨ ਨੇ ਖੂਨਦਾਨ ਕੈਂਪਾਂ, ਸਫ਼ਾਈ ਮੁਹਿੰਮਾਂ, ਰੁੱਖ ਲਗਾਉਣ, ਸਿਹਤ ਅਤੇ ਸਿੱਖਿਆ ਸੇਵਾਵਾਂ, ਮਹਿਲਾ ਸਸ਼ਕਤੀਕਰਨ ਅਤੇ ਨੌਜਵਾਨਾਂ ਨੂੰ ਆਧਿਆਤਮਿਕ ਦਿਸ਼ਾ ਦੇਣ ਵਰਗੇ ਕਈ ਲੋਕ-ਭਲਾਈ ਕਾਰਜਾਂ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ।