ਸ਼ਹਿਰ ‘ ਚ ਤਿੰਨ ਵੱਖ ਵੱਖ ਮਾਮਲਿਆਂ ਵਿੱਚ ਨੌਜਵਾਨਾਂ ਨੇ ਫ਼ਾਹਾ ਲੈਕੇ ਜੀਵਨ ਲੀਲਾ ਕੀਤੀ ਸਮਾਪਤ

- ਖੁਦਕੁਸ਼ੀ ਕਰਨ ਵਾਲਿਆਂ ’ਚ ਇੱਕ 17 ਸਾਲਾ ਲੜਕੀ ਵੀ ਸ਼ਾਮਲ
ਤਰੁਣ ਭਜਨੀ, ਪੰਜਾਬੀ ਜਾਗਰਣ
ਚੰਡੀਗੜ੍ਹ : ਮਨੀਮਾਜਰਾ ਵਿੱਚ ਸੋਮਵਾਰ ਸਵੇਰੇ ਨਗਰ ਨਿਗਮ ਵਿਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 28 ਸਾਲਾ ਪੰਕਜ ਸ਼ਰਮਾ ਵਜੋਂ ਹੋਈ ਹੈ, ਜੋ ਨਗਰ ਨਿਗਮ ਦੇ ਪਬਲਿਕ ਹੈਲਥ ਵਿਭਾਗ ਵਿੱਚ ਟਿਊਬਵੈੱਲ ਆਪਰੇਟਰ ਦੇ ਅਹੁਦੇ ’ਤੇ ਤਾਇਨਾਤ ਸੀ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਪ੍ਰੇਮ ਸਬੰਧ ਅਤੇ ਮਾਨਸਿਕ ਤਣਾਅ ਦੇ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪੰਕਜ ਆਪਣੇ ਪਰਿਵਾਰ ਨਾਲ ਮਨੀਮਾਜਰਾ ਮੇਨ ਬਾਜ਼ਾਰ ਸਥਿਤ ਰਾਈਆ ਵਾਲਾ ਮੁਹੱਲਾ ਵਿੱਚ ਰਹਿੰਦਾ ਸੀ। ਸੋਮਵਾਰ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਘਰ ਵਿੱਚ ਮੌਜੂਦ ਸੀ। ਪਰਿਵਾਰ ਨੂੰ ਲੱਗਿਆ ਕਿ ਉਹ ਕਮਰੇ ਵਿੱਚ ਆਰਾਮ ਕਰ ਰਿਹਾ ਹੈ। ਸਵੇਰੇ ਕਰੀਬ 8:30 ਵਜੇ ਉਹ ਪਹਿਲੀ ਮੰਜ਼ਿਲ ’ਤੇ ਸਥਿਤ ਕਮਰੇ ਵਿੱਚ ਗਿਆ ਅਤੇ ਅੰਦਰੋਂ ਕੁੰਡੀ ਲਾ ਲਈ। ਕਾਫੀ ਦੇਰ ਤੱਕ ਬਾਹਰ ਨਾ ਆਉਣ ’ਤੇ ਪਰਿਵਾਰ ਨੂੰ ਚਿੰਤਾ ਹੋਈ। ਜਦੋਂ ਕਈ ਵਾਰ ਆਵਾਜ਼ ਦੇਣ ਦੇ ਬਾਵਜੂਦ ਅੰਦਰੋਂ ਕੋਈ ਜਵਾਬ ਨਾ ਮਿਲਿਆ ਤਾਂ ਪਰਿਵਾਰ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ। ਦਰਵਾਜ਼ਾ ਖੁੱਲ੍ਹਦੇ ਹੀ ਪਰਿਵਾਰ ਦੇ ਹੋਸ਼ ਉੱਡ ਗਏ। ਪੰਕਜ ਚੁੰਨੀ ਦੇ ਸਹਾਰੇ ਪੱਖੇ ਨਾਲ ਲਟਕਿਆ ਹੋਇਆ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮਨੀਮਾਜਰਾ ਥਾਣਾ ਪੁਲਿਸ, ਡੀਐੱਸਪੀ ਰਾਮ ਗੋਪਾਲ ਅਤੇ ਥਾਣਾ ਮੁਖੀ ਇੰਸਪੈਕਟਰ ਮਨਿੰਦਰ ਸਿੰਘ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ-16 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਮੌਕੇ ਦੀ ਜਾਂਚ ਕੀਤੀ। ਸੀਐੱਫਐੱਸਐੱਲ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ, ਪਰ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੁਣ ਮੋਬਾਈਲ ਕਾਲ ਡਿਟੇਲ, ਚੈਟ ਅਤੇ ਸੋਸ਼ਲ ਮੀਡੀਆ ਸਰਗਰਮੀਆਂ ਦੀ ਜਾਂਚ ਕਰ ਰਹੀ ਹੈ।
ਪ੍ਰੇਮ ਪ੍ਰਸੰਗ ਤੇ ਮਾਨਸਿਕ ਤਣਾਅ ਦੀ ਜਾਂਚ : ਸ਼ੁਰੂਆਤੀ ਜਾਂਚ ਵਿੱਚ ਪ੍ਰੇਮ ਸਬੰਧਾਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਕਜ ਮਾਨਸਿਕ ਤਣਾਅ ਵਿੱਚ ਸੀ। ਹਾਲਾਂਕਿ ਪੁਲਿਸ ਹਾਲੇ ਕਿਸੇ ਨਤੀਜੇ ’ਤੇ ਨਹੀਂ ਪਹੁੰਚੀ ਅਤੇ ਉਸ ਦੇ ਦੋਸਤਾਂ ਤੇ ਕਰੀਬੀ ਲੋਕਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ : ਸਥਾਨਕ ਲੋਕਾਂ ਅਨੁਸਾਰ ਪੰਕਜ ਦੇ ਵੱਡੇ ਭਰਾ ਦੀ ਸਾਲ 2024 ਵਿੱਚ ਬਿਮਾਰੀ ਕਾਰਨ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਉਹ ਪਰਿਵਾਰ ਦਾ ਇਕਲੌਤਾ ਪੁੱਤਰ ਰਹਿ ਗਿਆ ਸੀ। ਉਸ ਦੇ ਪਿਤਾ ਸੁਭਾਸ਼ ਸ਼ਰਮਾ ਨਗਰ ਨਿਗਮ ਦੇ ਪਬਲਿਕ ਹੈਲਥ ਵਿਭਾਗ ਵਿੱਚ ਸੁਪਰਵਾਈਜ਼ਰ ਹਨ, ਜਦਕਿ ਮਾਂ ਆਂਗਨਵਾੜੀ ਵਿੱਚ ਕੰਮ ਕਰਦੀ ਹੈ। ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਤੋਂ ਕੁਝ ਸਮਾਂ ਪਹਿਲਾਂ ਪਿਤਾ ਨੇ ਉਸ ਨੂੰ ਘਰ ਵਿੱਚ ਆਮ ਹਾਲਤ ਵਿੱਚ ਦੇਖਿਆ ਸੀ। ਇਸ ਤੋਂ ਬਾਅਦ ਉਹ ਮੰਦਰ ਚਲੇ ਗਏ। ਉੱਥੇ ਹੀ ਉਸ ਦੀ ਮਾਂ ਨੇ ਵੀ ਉਸ ਨੂੰ ਡਿਊਟੀ ’ਤੇ ਛੱਡਣ ਲਈ ਆਵਾਜ਼ ਲਾਈ ਸੀ, ਪਰ ਉਦੋਂ ਤੱਕ ਉਹ ਇਹ ਕਦਮ ਚੁੱਕ ਚੁੱਕਾ ਸੀ।
-----
17 ਸਾਲਾ ਲੜਕੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਚੰਡੀਗੜ੍ਹ : ਧਨਾਸ ਸਥਿਤ ਈਡਬਲਯੂਐੱਸ ਕਾਲੋਨੀ ਵਿੱਚ ਇੱਕ 17 ਸਾਲਾ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਖੁਸ਼ਬੂ ਵਜੋਂ ਹੋਈ ਹੈ, ਜੋ ਹਾਲ ਹੀ ਵਿੱਚ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੀ ਸੀ। ਜਾਣਕਾਰੀ ਅਨੁਸਾਰ ਈਡਬਲਯੂਐੱਸ ਕਾਲੋਨੀ ਧਨਾਸ ਵਾਸੀ ਸ਼ਿਕਾਇਤਕਰਤਾ ਰਵਿੰਦਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪੁੱਤਰ ਦੇ ਇਲਾਜ ਅਤੇ ਚੈੱਕਅਪ ਲਈ ਸੈਕਟਰ-22 ਸਥਿਤ ਡਿਸਪੈਂਸਰੀ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦਾ ਭਾਣਜਾ ਰਵੀ ਸਕੂਲ ਤੋਂ ਘਰ ਵਾਪਸ ਆਇਆ। ਉਹ ਗਵਰਨਮੈਂਟ ਮਾਡਲ ਸਕੂਲ ਧਨਾਸ ਵਿੱਚ ਦਸਵੀਂ ਜਮਾਤ ਦਾ ਵਿਦਿਆਰਥੀ ਹੈ। ਰਵੀ ਨੇ ਵੇਖਿਆ ਕਿ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਆਪਣੀ ਭੈਣ ਖੁਸ਼ਬੂ ਨੂੰ ਕਈ ਵਾਰ ਆਵਾਜ਼ਾਂ ਮਾਰੀਆਂ ਅਤੇ ਦਰਵਾਜ਼ਾ ਖੋਲ੍ਹਣ ਲਈ ਕਿਹਾ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਕਾਫੀ ਦੇਰ ਤੱਕ ਕੋਈ ਪ੍ਰਤੀਕਿਰਿਆ ਨਾ ਮਿਲਣ ’ਤੇ ਉਸ ਨੇ ਫੋਨ ਕਰ ਕੇ ਰਵਿੰਦਰ ਨੂੰ ਸਾਰੀ ਗੱਲ ਦੱਸੀ। ਸੂਚਨਾ ਮਿਲਦੇ ਹੀ ਰਵਿੰਦਰ ਤੁਰੰਤ ਘਰ ਪਹੁੰਚੇ। ਜਦੋਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਦਰਵਾਜ਼ਾ ਨਾ ਖੁੱਲਿ੍ਹਆ ਤਾਂ ਪਰਿਵਾਰ ਨੇ ਦਰਵਾਜ਼ਾ ਤੋੜ ਦਿੱਤਾ। ਅੰਦਰ ਦਾ ਦ੍ਰਿਸ਼ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਖੁਸ਼ਬੂ ਕਮਰੇ ਵਿੱਚ ਫਾਹੇ ਨਾਲ ਲਟਕੀ ਹੋਈ ਮਿਲੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਉੱਥੇ ਹੀ ਸੀਐੱਫਐੱਸਐੱਲ ਦੀ ਟੀਮ ਨੇ ਵੀ ਘਟਨਾ ਸਥਲ ਦਾ ਮੁਆਇਨਾ ਕਰ ਕੇ ਜ਼ਰੂਰੀ ਸਬੂਤ ਇਕੱਠੇ ਕੀਤੇ। ਪਰਿਵਾਰਕ ਮੈਂਬਰਾਂ ਅਨੁਸਾਰ ਖੁਸ਼ਬੂ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਬਾਰੇ ਪਰਿਵਾਰ ਨੂੰ ਦੱਸਦੀ ਸੀ। ਅਜਿਹੇ ਵਿੱਚ ਕਿਸ਼ੋਰੀ ਵੱਲੋਂ ਇਹ ਕਦਮ ਚੁੱਕਣ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕੇ ਹਨ। ਪੁਲਿਸ ਹਰ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਮਲੇ ਦੀ ਜਾਂਚ ਕਰ ਰਹੀ ਹੈ।
-----
ਸੈਕਟਰ-52 ’ਚ ਨੌਜਵਾਨ ਨੇ ਲਿਆ ਫ਼ਾਹਾ
ਸੈਕਟਰ-52 ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸੈਕਟਰ-52 ਵਾਸੀ ਅਨਿਕੇਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਨਿਕੇਤ ਇੱਕ ਨਿੱਜੀ ਕੰਪਨੀ ਵਿੱਚ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਨੌਜਵਾਨ ਨੇ ਘਰ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕੀਤੀ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁਲਿਸ ਚੌਕੀ ਸੈਕਟਰ-61 ਦੇ ਇੰਚਾਰਜ ਸਮੇਤ ਪੁਲਿਸ ਟੀਮ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨਾਲ ਪੁੱਛਗਿੱਛ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।