ਨਾਮਵਰ ਨੂੰ ਪ੍ਰਸ਼ੰਸਕਾਂ ਵੱਲੋਂ ਕੀਤਾ ਗਿਆ ਯਾਦ

ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਇਆ ਸ਼ਰਧਾਂਜਲੀ ਸਮਾਗਮ
ਭੁਪਿੰਦਰ ਸਿੰਘ ਮਲਿਕ, ਪੰਜਾਬੀ ਜਾਗਰਣ, ਚੰਡੀਗੜ੍ਹ:
ਚੰਡੀਗੜ੍ਹ: ਆਪਣੇ ਵੱਲੋਂ ਖਿੱਚੀਆਂ ਬਾਕਮਾਲ ਫੋਟੋਆਂ ਰਾਹੀਂ ਵਿਸ਼ਵ ਭਰ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ ਉੱਘੇ ਫੋਟੋਗ੍ਰਾਫਰ ਰਘੂ ਰਾਏ ਨੂੰ ਅੱਜ ਪੰਜਾਬ ਕਲਾ ਭਵਨ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਯਾਦ ਕੀਤਾ ਗਿਆ I ਇਹ ਸਮਾਗਮ ਪੰਜਾਬ ਲਲਿਤ ਕਲਾ ਅਕਾਦਮੀ ਅਤੇ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਵੱਲੋਂ ਕਰਵਾਇਆ ਗਿਆ•।
ਰਘੂ ਰਾਏ ਦਾ ਪਿਛਲੇ ਮਹੀਨੇ ਦੀ 26 ਤਰੀਕ ਨੂੰ ਦੇਹਾਂਤ ਹੋ ਗਿਆ ਸੀ। 18 ਦਸੰਬਰ 1942 ਨੂੰ ਪੱਛਮੀ ਪੰਜਾਬ ਦੇ ਝੰਗ ਵਿੱਚ ਜਨਮੇ ਰਘੂ ਰਾਏ ਨੂੰ ਭਾਰਤ ਦੇ ਸਭ ਤੋਂ ਵੱਧ ਪ੍ਰਸਿੱਧੀ ਹਾਸਿਲ ਕਰਨ ਵਾਲੇ ਫੋਟੋ ਜਰਨਲਿਸਟ ਵਜੋਂ ਜਾਣਿਆ ਜਾਂਦਾ ਹੈ। ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਗੁਰਦੀਪ ਧੀਮਾਨ ਨੇ ਕਿਹਾ ਕਿ ਰਘੂ ਰਾਏ ਨੂੰ ਉਹਨਾਂ ਦੀ ਵਿਲੱਖਣਤਾ ਵਾਸਤੇ ਯਾਦ ਕੀਤਾ ਜਾਏਗਾ।
ਬੰਸਰੀ ਵਾਦਕ ਨਵਦੀਪ ਸਿੰਘ ਨੇ ਸੰਗੀਤਕ ਸ਼ਰਧਾਂਜਲੀ ਨਾਲ਼ ਸਮਾਂ ਬੰਨ੍ਹ੍ਹਿਆ। ਚੰਡੀਗੜ੍ਹ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਭੀਮ ਮਲਹੋਤਰਾ ਨੇ ਕਿਹਾ ਕਿ ਰਘੂ ਰਾਇ ਇੱਕ ਫੋਟੋਗ੍ਰਾਫਰ ਹੀ ਨਹੀਂ ਫਿਲਾਸਫ਼ਰ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਸ੍ਰੋਤ ਸਨ। ਪੰਜਾਬ ਲਲਿਤ ਕਲਾ ਅਕਾਦਮੀ ਦੇ ਸਾਬਕਾ ਪ੍ਰਧਾਨ ਦੀਵਾਨ ਮੰਨਾ ਨੇ ਕਿਹਾ ਕਿ ਰਘੂ ਰਾਏ ਨੇ ਫੋਟੋਗਰਾਫੀ ਨੂੰ ਮਨੁੱਖੀ ਜਜ਼ਬਾਤ, ਸੱਚ ਤੇ ਬਿਰਤਾਂਤ ਨੂੰ ਸ਼ਕਤੀਸ਼ਾਲੀ ਭਾਸ਼ਾ ਵਜੋਂ ਦੂਰ-ਦ੍ਰਿਸ਼ਟੀ ਪ੍ਰਦਾਨ ਕੀਤੀ।
ਮਰਹੂਮ ਰਘੂ ਰਾਏ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰਨ ਕਰਨ ਮਗਰੋਂ ਉਹਨਾਂ ਦੇ ਵਿਲੱਖਣ ਕਾਰਜ ਨੂੰ ਦਰਸਾਉਂਦੀ ਇੱਕ ਛੋਟੀ ਫ਼ਿਲਮ ਵੀ ਵਿਖਾਈ ਗਈ। ਰਘੂ ਰਾਏ ਦੇ ਜੀਵਨ ‘ਤੇ ਕਿਤਾਬ ਲਿਖਣ ਵਾਲੀ ਲੇਖਿਕਾ ਰਚਨਾ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣੇ ਆਪ ਨੂੰ ਕਲਾ, ਸ਼ਿਲਪਕਾਰੀ ਅਤੇ ਰਚਨਾਤਮਕਤਾ ਦੇ ਸਮਰਪਿਤ ਕੀਤਾ ਹੋਇਆ ਸੀ I ਉੱਘੇ ਫੋਟੋ ਜਰਨਲਿਸਟ ਪ੍ਰਮੋਦ ਪੁਸ਼ਕਰਨਾ ਨੇ ਕਿਹਾ ਕਿ ਰਘੂ ਰਾਏ ਸੰਜੀਦਾ ਹੋਣ ਦੇ ਨਾਲ਼ ਖੁਦ ਦੇ ਆਲੋਚਕ ਵੀ ਸਨ I ਇਸ ਮੌਕੇ ਹਾਜ਼ਰ ਬਹੁਤ ਸਾਰੇ ਕਲਾ ਪ੍ਰੇਮੀਆਂ ਵਿੱਚ ਸ਼ਿਵ ਦੁਲਾਰ ਸਿੰਘ, ਕੈਪਟਨ ਨਰਿੰਦਰ ਸਿੰਘ, ਰਾਜਵਿੰਦਰ ਸਮਰਾਲਾ, ਸੌਰਵ ਦੁੱਗਲ, ਸੰਜੀਵਨ ਖੋਸਲਾ, ਸੁਰਿੰਦਰ ਬਾਂਸਲ, ਵਰਿੰਦਰ ਸਿੰਘ ਚੱਠਾ, ਸਤਵੰਤ ਸਿੰਘ ਸੁਮੇਲ, ਰੁਪਿੰਦਰ ਸਿੰਘ, ਮਿੰਨੀ ਸਰਕਾਰੀਆ ਅਤੇ ਅਜੇ ਵਰਮਾ ਦੇ ਨਾਂ ਵਰਨਣਯੋਗ ਹਨ।
ਕਾਬਿਲੇ ਜ਼ਿਕਰ ਹੈ ਕਿ ਰਘੂ ਰਾਏ ਵੱਲੋਂ ਖਿੱਚੀਆਂ ਗਈਆਂ ਬਹੁ-ਚਰਚਿਤ ਤਸਵੀਰਾਂ ’ਚ ਬੰਗਲਾਦੇਸ਼ ਸ਼ਰਨਾਰਥੀ ਸੰਕਟ, ਭੋਪਾਲ ਗੈਸ ਤ੍ਰਾਸਦੀ ਸਮੇਤ ਅਨੇਕਾਂ ਹੋਰ ਫੋਟੋਆਂ ਸ਼ਾਮਲ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਪੇਸ਼ੇ ’ਚ ਵਿਲੱਖਣਤਾ ਪ੍ਰਦਾਨ ਕੀਤੀ I ਫੋਟੋਗ੍ਰਾਫੀ ਵਿਸ਼ੇ ਨਾਲ਼ ਜੁੜੀਆਂ 18 ਕਿਤਾਬਾਂ ਦੇ ਲੇਖਕ, ਪਦਮਸ਼੍ਰੀ ਸਮੇਤ ਅਨੇਕਾਂ ਮਹੱਤਵਪੂਰਣ ਅਵਾਰਡ ਹਾਸਲ ਕਰਨ ਵਾਲੇ ਰਘੂ ਰਾਏ ਨੇ ਦੁਨੀਆ ਭਰ ’ਚ ਆਪਣੀਆਂ ਫੋਟੋ ਪ੍ਰਦਰਸ਼ਨੀਆਂ ਲਾ ਕੇ ਨਾਮਣਾ ਖੱਟਿਆ। ਪੰਜਾਬ ਲਲਿਤ ਕਲਾ ਅਕਾਦਮੀ ਨੇ ਵੀ ਰਘੂ ਰਾਏ ਨੂੰ ਉਨ੍ਹਾਂ ਦੀਆਂ ਸੇਵਾਵਾਂ ਵਾਸਤੇ ਵੱਕਾਰੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਸੀ।