ਆਤਮ-ਹੱਤਿਆ ਲਈ ਉਕਸਾਉਣ ਲਈ 3 ਖਿਲਾਫ਼ ਕੇਸ ਦਰਜ
ਐਚਪੀਜੀਸੀਐਲ ਦੇ ਸਾਬਕਾ ਸੀਐਫਓ ਸਮੇਤ ਤਿੰਨ ਖ਼ਿਲਾਫ਼ ਆਤਮਹਤਿਆ ਲਈ ਉਕਸਾਉਣ ਦਾ ਕੇਸ ਦਰਜ
Publish Date: Tue, 05 May 2026 08:58 PM (IST)
Updated Date: Wed, 06 May 2026 04:17 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮ. (ਐੱਚਪੀਜੀਸੀਐੱਲ) ਦੇ ਫਾਇਨਾਂਸ ਅਫਸਰ ਬਲਵੰਤ ਸਿੰਘ ਨੂੰ ਆਤਮ-ਹੱਤਿਆ ਲਈ ਉਕਸਾਉਣ ਦੇ ਦੋਸ਼ ’ਚ ਸੈਕਟਰ-3 ਥਾਣਾ ਪੁਲਿਸ ਨੇ 3 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਮੁਲਜ਼ਮਾਂ ’ਚ ਐੱਚਪੀਜੀਸੀਐੱਲ ਦੇ ਸਾਬਕਾ ਚੀਫ ਫਾਇਨਾਂਸ ਅਫਸਰ ਅਮਿਤ ਦੀਵਾਨ, ਆਸ਼ੀਸ਼ ਗੋਗੀਆ ਤੇ ਰਾਜੇਸ਼ ਸ਼ਾਮਲ ਹਨ। ਅਮਿਤ ਦੀਵਾਨ ਪੰਚਕੂਲਾ ’ਚ ਆਈਡੀਐੱਫਸੀ ਬੈਂਕ ਨਾਲ ਜੁੜੇ 590 ਕਰੋੜ ਰੁਪਏ ਦੇ ਘਪਲੇ ’ਚ ਪਹਿਲਾਂ ਹੀ ਜੇਲ੍ਹ ’ਚ ਬੰਦ ਹੈ। ਇਸ ਘਪਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ। ਬਲਵੰਤ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਇਸ ਘਪਲੇ ’ਚ ਬਿਨਾਂ ਕਿਸੇ ਕਾਰਨ ਫਸਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਸੀਬੀਆਈ ਵੱਲੋਂ ਜਾਂਚ ਲਈ ਬੁਲਾਇਆ ਗਿਆ ਸੀ ਤੇ ਉਹ ਜਾਂਚ ’ਚ ਸ਼ਾਮਲ ਵੀ ਹੋਏ ਸਨ। ਸੀਬੀਆਈ ਨੇ ਉਨ੍ਹਾਂ ਦਾ ਫੋਨ ਕਬਜ਼ੇ ’ਚ ਲੈ ਕੇ ਜਾਂਚ ਕਰਨ ਤੋਂ ਬਾਅਦ ਵਾਪਸ ਕਰ ਦਿੱਤਾ ਸੀ। ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਬਲਵੰਤ ਨੂੰ ਸੀਬੀਆਈ ਵੱਲੋਂ ਕਲੀਨ ਚਿੱਟ ਵੀ ਮਿਲ ਚੁੱਕੀ ਸੀ ਫਿਰ ਵੀ ਮੁਲਜ਼ਮ ਅਧਿਕਾਰੀ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ‘ਤੇ ਮਾਨਸਿਕ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਤੰਗ ਆ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ। ਮੰਗਲਵਾਰ ਨੂੰ ਸੈਕਟਰ-16 ਦੇ ਹਸਪਤਾਲ ’ਚ ਪੋਸਟਮਾਰਟਮ ਕਰ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਬਲਵੰਤ ਮੁੱਢਲੇ ਤੌਰ ’ਤੇ ਝੱਜਰ ਦੇ ਮੁੰਡਾਹੇੜਾ ਪਿੰਡ ਦੇ ਰਹਿਣ ਵਾਲੇ ਸਨ ਤੇ ਉਨ੍ਹਾਂ ਦਾ ਅੰਤਿਮ ਸਸਕਾਰ ਉੱਥੇ ਕੀਤਾ ਜਾਵੇਗਾ। ਪਰਿਵਾਰ ’ਚ ਪਤਨੀ ਪ੍ਰਮੀਲਾ ਦੇਵੀ, ਦੋ ਧੀਆਂ ਤੇ ਇੱਕ ਪੁੱਤਰ ਹਨ। ਬਾਕਸ-- ਸਕੱਤਰੇਤ ਦੀ ਅੱਠਵੀਂ ਮੰਜ਼ਿਲ ਤੋਂ ਮਿਲਿਆ ਫੋਨ ਬਲਵੰਤ ਸੋਮਵਾਰ ਨੂੰ ਹਰਿਆਣਾ ਸਕੱਤਰੇਤ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪੰਜਵੀਂ ਮੰਜ਼ਿਲ ’ਤੇ ਕਿਸੇ ਅਧਿਕਾਰੀ ਨੂੰ ਮਿਲਣ ਲਈ ਪਾਸ ਬਣਵਾਇਆ ਸੀ। ਸਵੇਰੇ ਕਰੀਬ 10:22 ਵਜੇ ਉਹ ਸਕੱਤਰੇਤ ’ਚ ਦਾਖ਼ਲ ਹੋਏ। ਲਗਭਗ 4 ਘੰਟੇ ਉਹ ਇਧਰ-ਉਧਰ ਘੁੰਮਦੇ ਰਹੇ ਤੇ ਫਿਰ ਅੱਠਵੀਂ ਮੰਜ਼ਿਲ ’ਤੇ ਜਾ ਕੇ ਛਾਲ ਮਾਰ ਦਿੱਤੀ। ਪੁਲਿਸ ਨੂੰ ਅੱਠਵੀਂ ਮੰਜ਼ਿਲ ਤੋਂ ਉਨ੍ਹਾਂ ਦਾ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ। ਪੁਲਿਸ ਫੋਨ ਦੀ ਜਾਂਚ ਕਰ ਰਹੀ ਹੈ। ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਦੀ ਜਾਂਚ ਜਾਰੀ ਹੈ।