ਕੇਰਲ ਜਿੱਤ ‘ਤੇ ਚੰਡੀਗੜ੍ਹ ਕਾਂਗਰਸ ਵੱਲੋਂ ਜਸ਼ਨ
ਕੇਰਲ ਜਿੱਤ ‘ਤੇ ਚੰਡੀਗੜ੍ਹ ਕਾਂਗਰਸ ਵੱਲੋਂ ਜਸ਼ਨ, ਨਿਗਮ ਚੋਣਾਂ ਲਈ ਵਰਕਰਾਂ ਨੂੰ ਤਿਆਰ ਰਹਿਣ ਦੀ ਅਪੀਲ
Publish Date: Tue, 05 May 2026 06:51 PM (IST)
Updated Date: Wed, 06 May 2026 04:12 AM (IST)

ਨਿਗਮ ਚੋਣਾਂ ਲਈ ਵਰਕਰਾਂ ਨੂੰ ਤਿਆਰ ਰਹਿਣ ਦੀ ਅਪੀਲ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੈਕਟਰ-35 ਸਥਿਤ ਰਾਜੀਵ ਗਾਂਧੀ ਕਾਂਗਰਸ ਭਵਨ ਵਿੱਚ ਕੇਰਲ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਦਾ ਉਤਸ਼ਾਹ ਨਾਲ ਜਸ਼ਨ ਮਨਾਇਆ। ਇਸ ਮੌਕੇ ਪਾਰਟੀ ਵਰਕਰਾਂ ਨੇ ਲੱਡੂ ਵੰਡੇ ਅਤੇ ਢੋਲ ਦੀਆਂ ਧੁਨਾਂ ‘ਤੇ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐਚ.ਐਸ. ਲੱਕੀ ਨੇ ਕਿਹਾ ਕਿ ਕੇਰਲ ਵਿੱਚ ਇਸ ਮਹੱਤਵਪੂਰਨ ਜਿੱਤ ਨਾਲ ਕਾਂਗਰਸ ਪਾਰਟੀ ਨੇ ਦੇਸ਼ ਦੇ ਚੌਥੇ ਰਾਜ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਨੇ ਕੇਰਲ ਦੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜ ਰਾਜਾਂ ਵਿੱਚ ਹੋਈ ਹਾਲੀਆ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਵਿਸਥਾਰਪੂਰਵਕ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਕਾਂਗਰਸ ਪਾਰਟੀ ਨੇ ਪੰਜ ਵਿੱਚੋਂ ਤਿੰਨ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਲੱਕੀ ਨੇ ਦੱਸਿਆ ਕਿ ਜਿੱਥੇ ਕੇਰਲ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ। ਉੱਥੇ ਭਾਜਪਾ ਸਿਰਫ ਤਿੰਨ ਸੀਟਾਂ ਤੱਕ ਹੀ ਸੀਮਿਤ ਰਹੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਮਿਲਨਾਡੂ ਵਿੱਚ ਕਾਂਗਰਸ ਪਾਰਟੀ ਨੇ ਆਪਣੇ ਸਾਥੀ ਡੀਐਮਕੇ ਨਾਲ ਮਿਲ ਕੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਭਾਜਪਾ ਅਤੇ ਇਸ ਦੀ ਗਠਜੋੜ ਤੀਜੇ ਸਥਾਨ ‘ਤੇ ਰਹੀ ਅਤੇ ਸਿਰਫ ਇੱਕ ਸੀਟ ਜਿੱਤੀ, ਜਦਕਿ ਕਾਂਗਰਸ ਨੇ ਪੰਜ ਸੀਟਾਂ ਹਾਸਲ ਕੀਤੀਆਂ। ਪੁਡੂਚੇਰੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਉੱਥੇ ਵੀ ਕਾਂਗਰਸ ਪਾਰਟੀ ਨੇ ਭਾਜਪਾ ਨਾਲੋਂ ਵੱਧ ਵੋਟ ਪ੍ਰਾਪਤ ਕੀਤੇ ਹਨ। ਪੱਛਮੀ ਬੰਗਾਲ ਅਤੇ ਅਸਾਮ ਦੇ ਨਤੀਜਿਆਂ ‘ਤੇ ਟਿੱਪਣੀ ਕਰਦੇ ਹੋਏ ਲੱਕੀ ਨੇ ਭਾਜਪਾ ‘ਤੇ ਤਿੱਖਾ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਉਹ ਕਿਸੇ ਖ਼ਾਸ ਭਾਈਚਾਰੇ ਦੇ ਵੋਟ ਇਕੱਠੇ ਕਰਨ ਲਈ ਧ੍ਰੁਵੀਕਰਨ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਮਮਤਾ ਬੈਨਰਜੀ ਨੇ ਅੰਤਰਾਂ ਨੂੰ ਪਾਸੇ ਰੱਖ ਕੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨਾਲ ਗਠਜੋੜ ਕੀਤਾ ਹੁੰਦਾ, ਤਾਂ ਸੰਯੁਕਤ ਵਿਰੋਧੀ ਵੋਟ ਭਾਜਪਾ ਨਾਲੋਂ ਵੱਧ ਹੋ ਸਕਦੇ ਸਨ ਅਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਿਆ ਜਾ ਸਕਦਾ ਸੀ। ਅਸਾਮ ਦੇ ਸੰਦਰਭ ਵਿੱਚ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਲਗਭਗ 65 ਲੱਖ ਵੋਟ ਮਿਲੇ। ਜਦਕਿ ਭਾਜਪਾ ਨੂੰ ਲਗਭਗ 81 ਲੱਖ ਵੋਟ ਪ੍ਰਾਪਤ ਹੋਏ। ਐੱਚਐੱਸ ਲੱਕੀ ਨੇ ਚੰਡੀਗੜ੍ਹ ਕਾਂਗਰਸ ਦੇ ਵਰਕਰਾਂ ਨੂੰ ਦਸੰਬਰ ’ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਤਿਆਰ ਹੋਣ ਦੀ ਅਪੀਲ ਕੀਤੀ