ਨਗਰ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ’ਤੇ ਮਨੀ ਲਾਂਡਰਿੰਗ ਦਾ ਕੇਸ, ਈਡੀ ਵੱਲੋਂ ਚਾਰਜਸ਼ੀਟ ਦਾਇਰ
ਨਗਰ ਨਿਗਮ ਦੇ ਚੀਫ ਸੈਨਿਟਰੀ ਇੰਸਪੈਕਟਰ ‘ਤੇ ਮਨੀ ਲਾਂਡਰਿੰਗ ਦਾ ਕੇਸ, ਈਡੀ ਵੱਲੋਂ ਚਾਰਜਸ਼ੀਟ ਦਾਇਰ
Publish Date: Mon, 04 May 2026 07:13 PM (IST)
Updated Date: Mon, 04 May 2026 07:14 PM (IST)

ਤਰੁਣ ਭਜਨੀ , ਪੰਜਾਬੀ ਜਾਗਰਣ, ਚੰਡੀਗੜ੍ਹ : ਨਗਰ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਚੰਦਰਮੋਹਨ ਖ਼ਿਲਾਫ ਹੁਣ ਮਨੀ ਲਾਂਡਰਿੰਗ ਦਾ ਕੇਸ ਵੀ ਚੱਲੇਗਾ। ਤਿੰਨ ਸਾਲ ਪਹਿਲਾਂ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜੇ ਗਏ ਇਸ ਮਾਮਲੇ ਵਿੱਚ ਸੀਬੀਆਈ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਈਡੀ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਵਿੱਚ ਚੰਦਰਮੋਹਨ ਦੀ ਪਤਨੀ ਕਾਜਲ ਗੁਪਤਾ ਅਤੇ ਨਗਰ ਨਿਗਮ ਦੇ ਹੈਲਥ ਸੁਪਰਵਾਈਜ਼ਰ ਸੰਦੀਪ ਧਨਖੜ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਸੀਬੀਆਈ ਨੇ ਚੰਦਰਮੋਹਨ ਅਤੇ ਸੰਦੀਪ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਈਡੀ ਨੇ ਵੀ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ। ਰਿਸ਼ਵਤ ਮਾਮਲੇ ਦੀ ਤਫ਼ਤੀਸ਼ ਦੌਰਾਨ ਸੀਬੀਆਈ ਨੇ ਚੰਦਰਮੋਹਨ ਦੇ ਘਰ ਦੀ ਤਲਾਸ਼ੀ ਲਈ ਸੀ। ਇਸ ਦੌਰਾਨ ਉਸ ਦੇ ਬੈਂਕ ਲਾਕਰ ਬਾਰੇ ਜਾਣਕਾਰੀ ਮਿਲੀ, ਜੋ ਉਸ ਅਤੇ ਉਸ ਦੀ ਪਤਨੀ ਦੇ ਨਾਮ ’ਤੇ ਸੀ। ਲਾਕਰ ਦੀ ਜਾਂਚ ਦੌਰਾਨ ਉੱਥੋਂ 3300 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ਦੀ ਉਸ ਸਮੇਂ ਕੀਮਤ ਲਗਭਗ 1.67 ਕਰੋੜ ਰੁਪਏ ਦੱਸੀ ਗਈ ਸੀ। ਇਸ ਤੋਂ ਬਾਅਦ ਸੀਬੀਆਈ ਨੇ ਹੋਰ ਜਾਇਦਾਦ ਦੀ ਜਾਂਚ ਅੱਗੇ ਵਧਾਈ। ਜਾਂਚ ਵਿੱਚ ਸਾਹਮਣੇ ਆਇਆ ਕਿ ਪਤੀ-ਪਤਨੀ ਕੋਲ ਆਮਦਨ ਦੇ ਮੁਕਾਬਲੇ 148 ਫ਼ੀਸਦੀ ਵੱਧ ਜਾਇਦਾਦ ਹੈ। ਚੰਦਰਮੋਹਨ ਦੀ ਪਤਨੀ ਪੀਜੀਆਈ ਵਿੱਚ ਨਰਸਿੰਗ ਅਫ਼ਸਰ ਵਜੋਂ ਤਾਇਨਾਤ ਹੈ। ਇਸ ਆਧਾਰ ’ਤੇ ਦੋਵਾਂ ਖ਼ਿਲਾਫ ਆਮਦਨ ਤੋਂ ਵੱਧ ਸੰਪਤੀ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਈਡੀ ਨੇ ਮਨੀ ਲਾਂਡਰਿੰਗ ਨਾਲ ਸਬੰਧਿਤ ਜਾਂਚ ਸ਼ੁਰੂ ਕੀਤੀ, ਜੋ ਕਰੀਬ ਇਕ ਸਾਲ ਚੱਲਣ ਤੋਂ ਬਾਅਦ ਹੁਣ ਚਾਰਜਸ਼ੀਟ ਦਾਇਰ ਕਰਨ ’ਤੇ ਮੁਕੰਮਲ ਹੋਈ ਹੈ।