ਨੱਡਾ ਵੱਲੋਂ ਭਾਜਪਾ ਕੋਰ ਕਮੇਟੀ ਦੀ ਬੈਠਕ ’ਚ ਪਾਰਟੀ ਦੀ ਮਜ਼ਬੂਤੀ ਤੇ ਨਿਗਮ ਚੋਣਾਂ ਲਈ ਰਣਨੀਤੀ ’ਤੇ ਜ਼ੋਰ
ਨੱਡਾ ਵੱਲੋਂ ਭਾਜਪਾ ਕੋਰ ਕਮੇਟੀ ਦੀ ਬੈਠਕ ਵਿਚ ਪਾਰਟੀ ਦੀ ਮਜ਼ਬੂਤੀ ਤੇ ਨਿਗਮ ਚੋਣਾਂ ਲਈ ਰਣਨੀਤੀ ਤੇ ਜ਼ੋਰ
Publish Date: Fri, 01 May 2026 09:10 PM (IST)
Updated Date: Sat, 02 May 2026 04:14 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਭਾਜਪਾ ਦੀ ਕੋਰ ਕਮੇਟੀ ਦੀ ਮਹੱਤਵਪੂਰਨ ਬੈਠਕ ਅੱਜ ਪ੍ਰਦੇਸ਼ ਦਫ਼ਤਰ ਕਮਲਮ, ਸੈਕਟਰ 33 ’ਚ ਕੀਤੀ ਗਈ। ਇਸ ਬੈਠਕ ’ਚ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਤੇ ਰਸਾਇਨ ਅਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਦਾ ਵਿਸ਼ੇਸ਼ ਮਾਰਗਦਰਸ਼ਨ ਪ੍ਰਾਪਤ ਹੋਇਆ। ਬੈਠਕ ’ਚ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਸਾਬਕਾ ਸੰਸਦ ਮੈਂਬਰ ਕਿਰਨ ਖੇਰ, ਸੰਗਠਨ ਮਹਾਮੰਤਰੀ (ਪੰਜਾਬ ਅਤੇ ਚੰਡੀਗੜ੍ਹ) ਮੰਥਰੀ ਸ੍ਰੀਨੀਵਾਸਲੂ, ਪ੍ਰਦੇਸ਼ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਹਿਮਾਚਲ ਪ੍ਰਦੇਸ਼ ਦੇ ਸਹਿ-ਪ੍ਰਭਾਰੀ ਸੰਜੇ ਟੰਡਨ, ਪ੍ਰਦੇਸ਼ ਮਹਾਮੰਤਰੀ ਰਾਮਵੀਰ ਭੱਟੀ ਅਤੇ ਸੰਜੀਵ ਰਾਣਾ ਅਤੇ ਸਾਬਕਾ ਮੇਅਰ ਤੇ ਕੌਂਸਲਰ ਅਨੂਪ ਗੁਪਤਾ ਹਾਜ਼ਰ ਰਹੇ। ਬੈਠਕ ਦੌਰਾਨ ਸੰਗਠਨ ਨੂੰ ਹੋਰ ਮਜ਼ਬੂਤ ਤੇ ਸਰਗਰਮ ਬਣਾਉਣ ਲਈ ਵੱਖ-ਵੱਖ ਸੰਗਠਨਾਤਮਕ ਮਸਲਿਆਂ ਤੇ ਚਰਚਾ ਕੀਤੀ ਗਈ। ਬੂਥ ਤੋਂ ਲੈ ਕੇ ਪ੍ਰਦੇਸ਼ ਪੱਧਰ ਤੱਕ ਸੰਗਠਨ ਦੀ ਮਜ਼ਬੂਤੀ, ਕਾਰਕੁੰਨਾਂ ਦੀ ਭੂਮਿਕਾ ਵਧਾਉਣ ਤੇ ਢਾਂਚੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਪਾਰਟੀ ’ਚ ਅਨੁਸ਼ਾਸਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਤੇ ਵੀ ਖਾਸ ਜ਼ੋਰ ਦਿੱਤਾ ਗਿਆ। ਬੈਠਕ ’ਚ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੀ ਰਣਨੀਤੀ ਤੇ ਵਿਚਾਰ ਕੀਤਾ ਗਿਆ। ਹਰ ਵਾਰਡ ’ਚ ਸੰਗਠਨ ਦੀ ਸਰਗਰਮੀ ਯਕੀਨੀ ਬਣਾਉਣ, ਜਨ ਸੰਪਰਕ ਮੁਹਿੰਮ ਨੂੰ ਤੇਜ਼ ਕਰਨ ਤੇ ਲੋਕਾਂ ਤੱਕ ਜਨਹਿਤ ਦੇ ਮਸਲੇ ਪਹੁੰਚਾਉਣ ਦੀ ਯੋਜਨਾ ਬਣਾਈ ਗਈ। ਜਗਤ ਪ੍ਰਕਾਸ਼ ਨੱਡਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮਜ਼ਬੂਤ ਸੰਗਠਨ ਤੇ ਸਮਰਪਿਤ ਕਾਰਕੁਨ ਹੀ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਹਨ।