ਜ਼ਿਲ੍ਹਾ ਪੱਧਰੀ ਸਲਾਹਕਾਰ ਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਹੋਈ
ਮਨੀਸ਼ ਤਿਵਾੜੀ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਲਾਹਕਾਰ ਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਹੋਈ
Publish Date: Mon, 20 Apr 2026 07:18 PM (IST)
Updated Date: Mon, 20 Apr 2026 07:21 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਜ਼ਿਲ੍ਹਾ ਪੱਧਰੀ ਸਲਾਹਕਾਰ ਅਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਹਾਊਸਿੰਗ ਬੋਰਡ ਦੇ ਸੀਈਓ ਪ੍ਰਦੀਪ ਕੁਮਾਰ, ਚੰਡੀਗੜ੍ਹ ਦੀ ਸਾਬਕਾ ਮੇਅਰ ਕਮਲੇਸ਼, ਬੀ.ਐਮ. ਖੰਨਾ ਅਤੇ ਨਗਰ ਨਿਗਮ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਕਈ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧੀਨ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ। ਮਨੀਸ਼ ਤਿਵਾੜੀ ਨੇ ਨਗਰ ਨਿਗਮ ਨੂੰ ਸ਼ਹਿਰ ਭਰ ਵਿੱਚ ਤੁਰੰਤ ਰਾਹਤ ਅਤੇ ਪੁਨਰਵਾਸ ਕਲੋਨੀਆਂ ਵਿੱਚ ਵਾਟਰ ਆਡਿਟ ਕਰਨ ਲਈ ਕਿਹਾ ਤਾਂ ਜੋ ਪਤਾ ਲੱਗ ਸਕੇ ਕਿ ਪੀਣ ਵਾਲੇ ਪਾਣੀ ਵਿੱਚ ਕਿਸੇ ਤਰ੍ਹਾਂ ਦੀ ਗੰਦਗੀ ਤਾਂ ਨਹੀਂ ਹੈ। ਜਿਸ ਬਾਰੇ ਅਖ਼ਬਾਰਾਂ ਵਿੱਚ ਲਗਾਤਾਰ ਆ ਰਹੀਆਂ ਖ਼ਬਰਾਂ ਅਤੇ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਕਿਹਾ ਜਾ ਰਿਹਾ ਸੀ ਕਿ ਟੁੱਟੀਆਂ ਹੋਈਆਂ ਸੀਵਰੇਜ ਪਾਈਪਾਂ ਤੋਂ ਪੀਣ ਵਾਲੇ ਪਾਣੀ ਵਿੱਚ ਮਿਲਾਵਟ ਹੋ ਰਹੀ ਹੈ। ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਅਗਲੇ 45 ਦਿਨਾਂ ਵਿੱਚ ਇਸ ਸਬੰਧੀ ਵਿਸਥਾਰ ਨਾਲ ਆਡਿਟ ਕੀਤਾ ਜਾਵੇਗਾ। ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਇੰਜੀਨੀਅਰ ਨੂੰ ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਲਿਮਿਟਡ (ਸੀਪੀਡੀਐਲ) ਨਾਲ ਸੰਬੰਧਿਤ ਮਾਮਲਿਆਂ ਨੂੰ ਦੇਖਦੇ ਹੋਏ ਵਧੇਰੇ ਬਿਜਲੀ ਬਿੱਲਾਂ ਤੇ ਧਿਆਨ ਦੇਣ ਲਈ ਕਿਹਾ। ਇਸੇ ਤਰ੍ਹਾਂ ਚੰਡੀਗੜ੍ਹ ਦੇ ਮੇਅਰ ਨੇ ਵੀ ਕੇਂਦਰੀ ਯੋਜਨਾਵਾਂ ਨੂੰ ਚੰਗੇ ਤਰੀਕੇ ਨਾਲ ਲਾਗੂ ਕਰਨ ਲਈ ਮਹੱਤਵਪੂਰਨ ਸੁਝਾਅ ਦਿੱਤੇ।