ਜਾਨਲੇਵਾ ਹਮਲਾ ਕਰਨ ਵਾਲੇ ਦੋ ਭਰਾਵਾਂ ਨੂੰ 7-7 ਸਾਲ ਦੀ ਸਜ਼ਾ
ਜਾਨਲੇਵਾ ਹਮਲਾ ਕਰਨ ਵਾਲੇ ਦੋ ਭਰਾਵਾਂ ਨੂੰ ਸੱਤ-ਸੱਤ ਸਾਲ ਦੀ ਸਜ਼ਾ
Publish Date: Mon, 20 Apr 2026 07:11 PM (IST)
Updated Date: Mon, 20 Apr 2026 07:12 PM (IST)

- ਜ਼ਿਲ੍ਹਾ ਅਦਾਲਤ ਨੇ ਕਤਲ ਦੀ ਕੋਸ਼ਿਸ਼ ਨਾਲ ਜੁੜੇ ਪੰਜ ਸਾਲ ਪੁਰਾਣੇ ਮਾਮਲੇ ’ਚ ਸੁਣਾਇਆ ਫ਼ੈਸਲਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਕਤਲ ਦੀ ਕੋਸ਼ਿਸ਼ ਨਾਲ ਜੁੜੇ ਪੰਜ ਸਾਲ ਪੁਰਾਣੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਦੋ ਭਰਾਵਾਂ ਨੂੰ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲਿਆਂ ਵਿੱਚ 23 ਸਾਲਾ ਅਨਿਲ ਅਤੇ 25 ਸਾਲਾ ਅਮਨ ਸ਼ਾਮਲ ਹਨ। ਦੋਵੇਂ ਸੈਕਟਰ-56 ਦੇ ਰਹਿਣ ਵਾਲੇ ਹਨ। ਅਦਾਲਤ ਨੇ ਉਨ੍ਹਾਂ ’ਤੇ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਪੁਲਿਸ ਨੇ ਇਨ੍ਹਾਂ ਨੂੰ ਅਕਤੂਬਰ 2021 ਵਿੱਚ ਦਰਜ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਕੇਸ ਵਿੱਚ ਸੈਕਟਰ-56 ਦਾ ਰਹਿਣ ਵਾਲਾ ਇੱਕ ਨੌਜਵਾਨ ਕੈਲਾਸ਼ ਉਰਫ਼ ਕਾਲੂ ਵੀ ਮੁਲਜ਼ਮ ਸੀ, ਪਰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਬਰੀ ਕਰ ਦਿੱਤਾ। ਮਾਮਲੇ ਮੁਤਾਬਿਕ 14 ਅਕਤੂਬਰ 2021 ਨੂੰ ਪੁਲਿਸ ਨੂੰ ਸੈਕਟਰ-25 ਵਿੱਚ ਝਗੜੇ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ ਜ਼ਖ਼ਮੀ ਸੁਨੀਲ ਕੁਮਾਰ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਉਸ ਦੀ ਹਾਲਤ ਬਹੁਤ ਗੰਭੀਰ ਹੋਣ ਕਾਰਨ ਉਸ ਨੂੰ ਉੱਥੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਪੀਜੀਆਈ ’ਚ ਜਾ ਕੇ ਸੁਨੀਲ ਦੀ ਪਤਨੀ ਨੇਹਾ ਦੇ ਬਿਆਨ ਦਰਜ ਕੀਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸੈਕਟਰ-25 ਦੀ ਕਾਲੋਨੀ ਵਿੱਚ ਰਹਿੰਦਾ ਹੈ। 14 ਅਕਤੂਬਰ 2021 ਦੀ ਰਾਤ ਲਗਭਗ 10 ਵਜੇ ਉਹ ਅਤੇ ਉਸ ਦਾ ਪਤੀ ਸੁਨੀਲ ਘਰ ਦੇ ਬਾਹਰ ਖੜ੍ਹੇ ਸਨ। ਇਸ ਦੌਰਾਨ ਅਮਨ, ਅਨਿਲ ਅਤੇ ਚਾਰ-ਪੰਜ ਹੋਰ ਨੌਜਵਾਨ ਹੱਥਾਂ ਵਿੱਚ ਗੰਡਾਸੀ, ਤਲਵਾਰ ਅਤੇ ਡੰਡੇ ਲੈ ਕੇ ਆਏ ਅਤੇ ਆਉਂਦੇ ਹੀ ਸੁਨੀਲ ’ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਉੱਥੇ ਭੀੜ ਇਕੱਠੀ ਹੋ ਗਈ ਅਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਹਮਲੇ ਵਿੱਚ ਸੁਨੀਲ ਬਹੁਤ ਹੀ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਲੰਬੇ ਸਮੇਂ ਤੱਕ ਪੀਜੀਆਈ ਵਿੱਚ ਉਸ ਦਾ ਇਲਾਜ ਚੱਲਦਾ ਰਿਹਾ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਅਮਨ ਅਤੇ ਅਨਿਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕਰ ਲਏ। ਲਗਭਗ ਪੰਜ ਸਾਲ ਮਾਮਲਾ ਚੱਲਣ ਤੋਂ ਬਾਅਦ 16 ਅਪ੍ਰੈਲ ਨੂੰ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ।