ਚਾਕੂ ਦੀ ਨੋਕ ’ਤੇ ਸਬਜ਼ੀ ਵੇਚਣ ਵਾਲੇ ਨੂੰ ਲੁੱਟਣ ਵਾਲਾ ਕਾਬੂ
ਚਾਕੂ ਦੀ ਨੋਕ ’ਤੇ ਸਬਜ਼ੀ ਵੇਚਣ ਵਾਲੇ ਨੂੰ ਲੁੱਟਣ ਵਾਲਾ ਕਾਬੂ
Publish Date: Tue, 31 Mar 2026 07:32 PM (IST)
Updated Date: Wed, 01 Apr 2026 04:14 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ ਰਾਮਦਰਬਾਰ ਫੇਜ਼-2 ਵਿੱਚ ਸਬਜ਼ੀ ਵੇਚਣ ਵਾਲੇ ਤੋਂ ਚਾਕੂ ਦੀ ਨੋਕ ’ਤੇ ਚਾਂਦੀ ਦੀ ਚੇਨ ਲੁੱਟਣ ਵਾਲੇ ਮੁਲਜ਼ਮ ਨੂੰ ਸੈਕਟਰ-31 ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮੌਲੀ ਜਾਗਰਾਂ ਕੰਪਲੈਕਸ ਦੇ ਰਹਿਣ ਵਾਲੇ ਦੀਪਕ ਉਰਫ਼ ਲਾਲਾ (26) ਵਜੋਂ ਹੋਈ ਹੈ, ਜੋ ਪਹਿਲਾਂ ਵੀ ਕਤਲ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਆਧਾਰ ਕਾਰਡ, ਕਮਾਨੀਦਾਰ ਚਾਕੂ ਅਤੇ ਵਾਰਦਾਤ ’ਚ ਵਰਤੀ ਮੋਟਰਸਾਈਕਲ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਰਾਮਦਰਬਾਰ ਫੇਜ਼-2 ਦੇ ਰਹਿਣ ਵਾਲੇ ਮਹਿੰਦਰ ਸਿੰਘ ਨੇ ਸੈਕਟਰ-31 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ 29 ਮਾਰਚ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਰੇਹੜੀ ’ਤੇ ਸਬਜ਼ੀਆਂ ਵੇਚ ਰਿਹਾ ਸੀ । ਸਵੇਰੇ ਕਰੀਬ 11:15 ਵਜੇ ਇੱਕ ਨੌਜਵਾਨ ਮੋਟਰਸਾਈਕਲ ’ਤੇ ਉੱਥੇ ਆਇਆ। ਮੁਲਜ਼ਮ ਨੇ ਹੈਲਮੈਟ ਪਾਇਆ ਹੋਇਆ ਸੀ, ਜਿਸ ਨਾਲ ਉਸਦੀ ਪਛਾਣ ਕਰਨਾ ਔਖਾ ਹੋ ਗਿਆ। ਉਸ ਨੇ ਅਚਾਨਕ ਮਹਿੰਦਰ ਸਿੰਘ ਦਾ ਰਸਤਾ ਰੋਕਿਆ ਅਤੇ ਜੇਬ ਵਿੱਚੋਂ ਚਾਕੂ ਕੱਢ ਕੇ ਧਮਕਾਇਆ। ਮੁਲਜ਼ਮ ਨੇ ਉਸਦੇ ਗਲੇ ਵਿੱਚ ਪਾਈ ਚਾਂਦੀ ਦੀ ਚੇਨ ਖਿੱਚ ਕੇ ਤੋੜ ਲਈ ਅਤੇ ਜੇਬ ਵਿੱਚੋਂ 200-300 ਰੁਪਏ ਨਕਦ ਅਤੇ ਆਧਾਰ ਕਾਰਡ ਵੀ ਲੁੱਟ ਲਿਆ। ਵਾਰਦਾਤ ਦੌਰਾਨ ਉਸ ਨੇ ਧਮਕੀ ਦਿੱਤੀ ਕਿ ਵਿਰੋਧ ਕਰਨ ਜਾਂ ਮੁੜ ਇੱਥੇ ਆਉਣ ’ਤੇ ਜਾਨ ਤੋਂ ਮਾਰ ਦੇਵੇਗਾ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਪੁਲਿਸ ਨੇ ਤੁਰੰਤ ਟੀਮ ਬਣਾਈ। ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਰਿਕਾਰਡ ਮੁਤਾਬਕ ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਕਤਲ ਸਮੇਤ ਕੁੱਲ ਚਾਰ ਮਾਮਲੇ ਦਰਜ ਹਨ। ਹੁਣ ਪੁਲਿਸ ਇਹ ਵੀ ਜਾਂਚ ਰਹੀ ਹੈ ਕਿ ਉਸ ਨੇ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।