ਸਾਲੇ ਨੇ ਦੋਸਤਾਂ ਨਾਲ ਮਿਲ ਕੇ ਜੀਜੇ ਦੀ ਕੀਤੀ ਹੱਤਿਆ
ਸਾਲੇ ਨੇ ਦੋਸਤਾਂ ਨਾਲ ਮਿਲਕੇ ਜੀਜੇ ਦੀ ਕੀਤੀ ਹੱਤਿਆ
Publish Date: Mon, 30 Mar 2026 08:19 PM (IST)
Updated Date: Mon, 30 Mar 2026 08:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪੰਚਕੂਲਾ : ਅਭੈਪੁਰ ਦੇ ਨਜ਼ਦੀਕ ਸੋਮਵਾਰ ਸਵੇਰੇ ਇੱਕ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਜੀਜੇ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਆਪਣੇ ਦੋ ਦੋਸਤਾਂ ਨਾਲ ਆਇਆ ਸੀ। ਹੱਤਿਆ ਦੀ ਘਟਨਾ ਤੋਂ ਬਾਅਦ ਪੰਚਕੂਲਾ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸੈਕਟਰ-6 ਦੇ ਜਨਰਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਪੰਜਾਬ ਦੇ ਬਲਟਾਣਾ ਦਾ ਰਹਿਣ ਵਾਲਾ ਸ਼ਿਵਮ ਸਵੇਰੇ ਲਗਭਗ ਸਾਢੇ 8 ਵਜੇ ਆਪਣੀ ਮਾਂ ਨੂੰ ਫੈਕਟਰੀ ਛੱਡਣ ਲਈ ਪੰਚਕੂਲਾ ਦੇ ਅਭੈਪੁਰ ਆਇਆ ਸੀ। ਉੱਥੋਂ ਵਾਪਸੀ ਸਮੇਂ ਪੰਚਕੂਲਾ ਦੇ ਬਾਰਡਰ ਇਲਾਕੇ ਵਿੱਚ ਉਸਦੇ ਸਾਲੇ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਉਸ ਨੂੰ ਘੇਰ ਲਿਆ। ਤਿੰਨਾਂ ਮੁਲਜ਼ਮਾਂ ਨੇ ਬਾਈਕ ਸਵਾਰ ਸ਼ਿਵਮ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਚਾਕੂ ਉਸ ਦੇ ਛਾਤੀ, ਪਿੱਠ ਅਤੇ ਸਿਰ ’ਤੇ ਲੱਗੇ। ਗੰਭੀਰ ਹਾਲਤ ਵਿੱਚ ਉਸ ਨੂੰ ਪੰਚਕੂਲਾ ਦੇ ਜਨਰਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ। ਪ੍ਰਤੱਖਦਰਸ਼ੀਆਂ ਅਨੁਸਾਰ ਮੁਲਜ਼ਮਾਂ ਨੇ ਉਸ ਦੀ ਛਾਤੀ ’ਤੇ ਲਗਭਗ 5 ਵਾਰ ਕੀਤੇ ਸਨ। ਮ੍ਰਿਤਕ ਸ਼ਿਵਮ ਦਾ ਪਰਿਵਾਰ ਮੁਲ ਰੂਪ ਵਿੱਚ ਯੂਪੀ ਦੇ ਹਰਦੋਈ ਜ਼ਿਲ੍ਹੇ ਦੇ ਰਹੁਲਾ ਪਿੰਡ ਨਾਲ ਸਬੰਧਿਤ ਹੈ ਅਤੇ ਪਿਛਲੇ ਕਰੀਬ 15 ਸਾਲਾਂ ਤੋਂ ਪੰਜਾਬ ਦੇ ਬਲਟਾਣਾ ਵਿੱਚ ਰਹਿ ਰਿਹਾ ਹੈ। ਉਸ ਦੇ ਪਿਤਾ ਰਾਜੇਸ਼ ਏਪੀ ਸਕਿਓਰਿਟੀ ਕੰਪਨੀ ਵਿੱਚ ਗਾਰਡ ਦੀ ਨੌਕਰੀ ਕਰਦੇ ਹਨ, ਜਦਕਿ ਮਾਤਾ ਊਸ਼ਾ ਪੰਚਕੂਲਾ ਦੇ ਇੰਡਸਟ੍ਰੀਅਲ ਏਰੀਆ ਵਿੱਚ ਫੈਕਟਰੀ ਵਿੱਚ ਕੰਮ ਕਰਦੀ ਹੈ। ਸ਼ਿਵਮ ਖੁਦ ਪੰਚਕੂਲਾ ਦੇ ਬਰਵਾਲਾ ਵਿੱਚ ਪਿੱਤਲ ਦੇ ਬਰਤਨਾਂ ਦੀ ਦੁਕਾਨ ’ਤੇ ਪਾਲਿਸ਼ ਅਤੇ ਪੈਕਿੰਗ ਦਾ ਕੰਮ ਕਰਦਾ ਸੀ। ਸ਼ਿਵਮ ਨੇ ਅਭੈਪੁਰ ਦੇ ਸਰਕਾਰੀ ਸਕੂਲ ਵਿੱਚ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਪੜ੍ਹਾਈ ਕੀਤੀ। ਉੱਥੇ ਹੀ ਉਸ ਦੀ ਮੁਲਾਕਾਤ ਇਕ ਲੜਕੀ ਨਾਲ ਹੋਈ, ਜੋ ਉਸ ਦੇ ਸਾਲੇ ਦੀ ਭੈਣ ਸੀ। ਦੋਵਾਂ ਨੇ ਅੱਠਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ, ਪਰ ਉਨ੍ਹਾਂ ਦਾ ਪਿਆਰ ਜਾਰੀ ਰਿਹਾ। ਤਿੰਨ ਮਹੀਨੇ ਪਹਿਲਾਂ ਦੋਵਾਂ ਨੇ ਮੰਦਰ ਵਿੱਚ ਵਿਆਹ ਕਰ ਲਿਆ ਸੀ। ਅਭੈਪੁਰ ਦਾ ਰਹਿਣ ਵਾਲਾ ਸਾਲਾ ਆਪਣੀ ਭੈਣ ਦੀ ਲਵ ਮੈਰਿਜ ਤੋਂ ਨਾਰਾਜ਼ ਸੀ। ਉਸ ਨੇ ਕਈ ਵਾਰ ਭੈਣ ਨੂੰ ਸਮਝਾਇਆ, ਪਰ ਉਹ ਨਾ ਮੰਨੀ ਅਤੇ ਪਰਿਵਾਰ ਨਾਲ ਨਾਤਾ ਤੋੜ ਕੇ ਵਿਆਹ ਕਰ ਲਿਆ। ਇਸ ਗੱਲ ਦੀ ਰੰਜਿਸ਼ ਉਸ ਨੂੰ ਸੀ ਅਤੇ ਉਸ ਨੇ ਪਹਿਲਾਂ ਵੀ ਸ਼ਿਵਮ ਨੂੰ ਧਮਕੀ ਦਿੱਤੀ ਸੀ, ਜਿਸ ਨੂੰ ਮ੍ਰਿਤਕ ਨੇ ਗੰਭੀਰਤਾ ਨਾਲ ਨਹੀਂ ਲਿਆ। ਹੱਤਿਆ ਕਰਨ ਵਾਲੇ ਨੂੰ ਪਤਾ ਸੀ ਕਿ ਮ੍ਰਿਤਕ ਹਰ ਰੋਜ਼ ਆਪਣੀ ਮਾਂ ਨੂੰ ਛੱਡਣ ਲਈ ਇਸੇ ਰਸਤੇ ਆਉਂਦਾ ਹੈ। ਉਹ ਆਪਣੇ ਦੋ ਦੋਸਤਾਂ ਨਾਲ ਪੁਲ ਦੇ ਨੇੜੇ ਸਵੇਰੇ ਤੋਂ ਹੀ ਉਡੀਕ ਕਰ ਰਿਹਾ ਸੀ। ਇਸ ਬਾਰੇ ਸ਼ਿਵਮ ਨੇ ਆਪਣੀ ਮਾਂ ਊਸ਼ਾ ਨੂੰ ਵੀ ਦੱਸਿਆ ਸੀ, ਪਰ ਉਸ ਨੇ ਰਸਤਾ ਨਹੀਂ ਬਦਲਿਆ। ਵਾਪਸੀ ਵੇਲੇ ਉਸ ’ਤੇ ਹਮਲਾ ਹੋ ਗਿਆ, ਜਿਸ ਵਿੱਚ ਉਸ ਦੀ ਜਾਨ ਚਲੀ ਗਈ।