ਪੰਜਾਬ ਰਾਜ ਸੈਨਿਕ ਬੋਰਡ ਦੀ 35ਵੀਂ ਬੈਠਕ ਹੋਈ
ਰਾਜਪਾਲ ਦੀ ਅਗਵਾਈ ਵਿਚ ਪੰਜਾਬ ਰਾਜ ਸੈਨਿਕ ਬੋਰਡ ਦੀ 35ਵੀਂ ਬੈਠਕ ਹੋਈ
Publish Date: Mon, 30 Mar 2026 07:59 PM (IST)
Updated Date: Mon, 30 Mar 2026 08:00 PM (IST)

- ਸੈਨਿਕਾਂ ਦੇ ਪਰਿਵਾਰਾਂ ਲਈ ਵੱਡੇ ਫੈਸਲੇ, ਅੰਤਿਮ ਸੰਸਕਾਰ ਲਈ ₹10 ਹਜ਼ਾਰ ਵਾਧੂ, ਅਗਨੀਵੀਰਾਂ ਦੇ ਪਰਿਵਾਰਾਂ ਨੂੰ ਭੱਤਾ, ਬੱਚਿਆਂ ਲਈ ਸਕਾਲਰਸ਼ਿਪ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਦੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਅਹਿਮ ਫੈਸਲੇ ਲੈਂਦਿਆਂ ਪੰਜਾਬ ਰਾਜ ਸੈਨਿਕ ਬੋਰਡ ਦੀ 35ਵੀਂ ਬੈਠਕ ਪੰਜਾਬ ਲੋਕ ਭਵਨ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਹੋਈ। ਬੈਠਕ ਦੌਰਾਨ ਰਾਜਪਾਲ ਨੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਅਤੇ ਪੰਜਾਬ ਰਾਜ ਸੈਨਿਕ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ, ਵੀਰ ਨਾਰੀਆਂ, ਵਿਧਵਾਵਾਂ ਅਤੇ ਉਨ੍ਹਾਂ ਦੇ ਨਿਰਭਰਾਂ ਤੱਕ ਯੋਜਨਾਵਾਂ ਦੀ ਸਹਾਇਤਾ ਸਮੇਂ ਸਿਰ ਅਤੇ ਢੰਗ ਨਾਲ ਪਹੁੰਚੇ। ਉਨ੍ਹਾਂ ਨੇ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਅਤੇ ਸੁਚਾਰੂ ਲਾਗੂ ਕਰਨ ‘ਤੇ ਵੀ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ, ਤਾਂ ਜੋ ਹਰ ਹੱਕਦਾਰ ਤੱਕ ਪੂਰੀ ਸਹਾਇਤਾ ਯਕੀਨੀ ਬਣ ਸਕੇ। ਮੀਟਿੰਗ ਵਿੱਚ ਅੰਤਿਮ ਸਸਕਾਰ ਲਈ 10,000 ਦੀ ਵਾਧੂ ਸਹਾਇਤਾ, ਅਗਨੀਵੀਰਾਂ ਦੇ ਪਰਿਵਾਰਾਂ ਲਈ ਜੀਵਨ ਯਾਪਨ ਭੱਤਾ, ਹੋਣਹਾਰ ਬੱਚਿਆਂ ਲਈ ਖਾਸ ਸਕਾਲਰਸ਼ਿਪ ਯੋਜਨਾ ਅਤੇ ਪੰਜਾਬ ਫੰਡ ਰਾਹੀਂ ਆਰਥਿਕ ਸਹਾਇਤਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਵਿਸਥਾਰਪੂਰਵਕ ਚਰਚਾ ਮਗਰੋਂ ਬੋਰਡ ਨੇ 7 ਮਾਰਚ 2025 ਨੂੰ ਹੋਈ ਪਿਛਲੀ ਬੈਠਕ ਦੇ ਅਜੈਂਡੇ ਦੀ ਪੁਸ਼ਟੀ ਕੀਤੀ। ਇਸਦੇ ਨਾਲ ਹੀ ਵਿੱਤੀ ਵਰ੍ਹਾ 2026–27 ਲਈ ਫਲੈਗ ਡੇ ਫੰਡ ਅਧੀਨ ਚਲਾਈਆਂ ਜਾਣ ਵਾਲੀਆਂ ਨਵੀਆਂ ਭਲਾਈ ਯੋਜਨਾਵਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ। ਬੋਰਡ ਨੇ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਵਿੱਤੀ ਵਰ੍ਹਾ 2025-26 ਅਤੇ 2026-27 ਲਈ ਲੁੜੀਂਦੇ ਬਜਟ ਨੂੰ ਵੀ ਮਨਜ਼ੂਰੀ ਦਿੱਤੀ। ਰਾਜਪਾਲ ਕਟਾਰੀਆ ਨੇ ਕਿਹਾ ਕਿ ਪੰਜਾਬ ਦੇ ਸੈਨਿਕ ਹਮੇਸ਼ਾ ਦੇਸ਼ ਦੀਆਂ ਸਰਹੱਦਾਂ ’ਤੇ ਅੱਗੇ ਰਹੇ ਹਨ ਅਤੇ ਦੇਸ਼ ਦੀ ਰੱਖਿਆ ਲਈ ਵੱਡੇ ਬਲਿਦਾਨ ਦਿੱਤੇ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਪੂਰਾ ਸਨਮਾਨ ਅਤੇ ਸਹਾਇਤਾ ਮਿਲੇ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਸ਼ਹੀਦਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਅਤੇ ਵੀਰ ਨਾਰੀਆਂ ਲਈ 7 ਮਹਿਲਾ ਸਸ਼ਕਤੀਕਰਨ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਬੈਠਕ ਵਿੱਚ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ, ਵਾਧੂ ਮੁੱਖ ਸਕੱਤਰ ਜੇਐੱਮ ਬਾਲਾਮੁਰੁਗਨ, ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋਂ ਸੇਵਾਮੁਕਤ ਸਮੇਤ ਵੈਸਟਰਨ ਕਮਾਂਡ, ਕੇਂਦਰੀ ਸੈਨਿਕ ਬੋਰਡ ਦੇ ਸੀਨੀਅਰ ਅਧਿਕਾਰੀ ਅਤੇ ਪੰਜਾਬ ਰਾਜ ਸੈਨਿਕ ਬੋਰਡ ਦੇ ਹੋਰ ਮੈਂਬਰ ਮੌਜੂਦ ਸਨ।