ਨਸ਼ੀਲੇ ਇੰਜੈਕਸ਼ਨਾਂ ਸਮੇਤ ਫੜੇ ਗਏ ਨਸ਼ਾ ਤਸਕਰ ਨੂੰ 10 ਸਾਲ ਕੈਦ
ਨਸ਼ੀਲੇ ਇੰਜੈਕਸ਼ਨਾਂ ਸਮੇਤ ਫੜੇ ਗਏ ਨਸ਼ਾ ਤਸਕਰ ਨੂੰ 10 ਸਾਲ ਕੈਦ
Publish Date: Mon, 16 Mar 2026 08:07 PM (IST)
Updated Date: Mon, 16 Mar 2026 08:10 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਜ਼ਿਲ੍ਹਾ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ 20 ਨਸ਼ੀਲੇ ਇੰਜੈਕਸ਼ਨਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਕਰਾਰ ਦਿੱਤੇ ਗਏ ਨਸ਼ਾ ਤਸਕਰ ਅਕਸ਼ੈ ’ਤੇ 1 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਦਰਜ ਮਾਮਲੇ ਅਨੁਸਾਰ ਸੈਕਟਰ-39 ਥਾਣਾ ਪੁਲਿਸ ਨੇ ਲਗਭਗ 7 ਸਾਲ ਪਹਿਲਾਂ ਸਤੰਬਰ 2019 ਵਿੱਚ ਦੋਸ਼ੀ ਅਕਸ਼ੈ ਨੂੰ 20 ਨਸ਼ੀਲੇ ਇੰਜੈਕਸ਼ਨਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਦਰਜ ਮਾਮਲੇ ਮੁਤਾਬਿਕ ਸੈਕਟਰ-39 ਥਾਣਾ ਪੁਲਿਸ ਇਲਾਕੇ ਵਿੱਚ ਅਪਰਾਧਕ ਸਰਗਰਮੀਆਂ ਨੂੰ ਰੋਕਣ ਲਈ 18 ਸਤੰਬਰ 2019 ਨੂੰ ਗਸ਼ਤ ਕਰ ਰਹੀ ਸੀ। ਇਸ ਦੌਰਾਨ ਰਾਤ ਕਰੀਬ ਸਵਾ ਨੌਂ ਵਜੇ ਪੁਲਿਸ ਨੂੰ ਸੈਕਟਰ-38 ਸੀ ਅਤੇ ਡੀ ਦੀ ਡਿਵਾਈਡਿੰਗ ਰੋਡ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਨਜ਼ਰ ਆਇਆ, ਜਿਸ ਦੇ ਹੱਥ ਵਿੱਚ ਇੱਕ ਲਿਫਾਫਾ ਸੀ। ਜਿਵੇਂ ਹੀ ਉਸ ਦੀ ਨਜ਼ਰ ਪੁਲਿਸ ’ਤੇ ਪਈ, ਉਹ ਰੁਕ ਗਿਆ। ਉਸ ਨੇ ਘਬਰਾਹਟ ਵਿੱਚ ਆਪਣਾ ਲਿਫਾਫਾ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਪਿੱਛੇ ਮੁੜ ਕੇ ਤੇਜ਼ ਕਦਮਾਂ ਨਾਲ ਤੁਰਨ ਲੱਗ ਪਿਆ। ਪੁਲਿਸ ਨੂੰ ਉਸ ਦੀ ਇਸ ਹਰਕਤ ’ਤੇ ਸ਼ੱਕ ਹੋਇਆ। ਪੁਲਿਸ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ 20 ਨਸ਼ੀਲੇ ਇੰਜੈਕਸ਼ਨ ਬਰਾਮਦ ਹੋਏ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਸੀ।