ਪਾਠਕ ਪੁਰਸਕਾਰ ਤੇ ਪ੍ਰੇਮ ਪ੍ਰਕਾਸ਼ ਯਾਦਗਾਰੀ ਕਹਾਣੀ ਪੁਰਸਕਾਰ ਸਮਾਗਮ ਕਰਵਾਇਆ
ਪਾਠਕ ਪੁਰਸਕਾਰ ਤੇ ਪ੍ਰੇਮ ਪ੍ਰਕਾਸ਼ ਯਾਦਗਾਰੀ ਕਹਾਣੀ ਪੁਰਸਕਾਰ ਸਮਾਗਮ ਸ਼ਾਨਦਾਰ ਢੰਗ ਨਾਲ ਆਯੋਜਿਤ
Publish Date: Mon, 02 Mar 2026 08:12 PM (IST)
Updated Date: Mon, 02 Mar 2026 08:13 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ‘ਪੰਜਾਬੀ ਸਾਹਿਤਕ ਸੱਭਿਆਚਾਰਕ ਵਿਚਾਰ ਮੰਚ ਸਰੀ ਬੀਸੀ ਤੇ ਅਦਾਰਾ ‘ਕਹਾਣੀ ਧਾਰਾ’ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ‘ਪਾਠਕ ਪੁਰਸਕਾਰ’ ਤੇ ਪ੍ਰੇਮ ਪ੍ਰਕਾਸ਼ ਕਹਾਣੀ ਪੁਰਸਕਾਰ ਦਿੱਤੇ ਗਏ। ਸਭ ਤੋਂ ਪਹਿਲਾਂ ਪੁਰਸਕਾਰ ਪ੍ਰਬੰਧਕ ਤੇ ਕਹਾਣੀਕਾਰ ਭਗਵੰਤ ਰਸੂਲਪੂਰੀ ਨੇ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਉਪਰੰਤ ਅਮਰਜੀਤ ਚਾਹਲ ਨੇ ਪੁਰਸਕਾਰ ਦੇਣ ਦੀ ਵਿਧੀ ਤੇ ਰੂਪਰੇਖਾ ਦੱਸਦੇ ਹੋਏ ਕਿਹਾ ਕਿ ਸਨਮਾਨ, ਪੜ੍ਹਨ ਦੀ ਦਿਲਚਸਪੀ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਜਾ ਰਹੇ ਨੇ ਤਾਂ ਕਿ ਹੋਰ ਪਾਠਕ ਪੈਦਾ ਕੀਤੇ ਜਾਣ। ਇਸ ਤੋਂ ਬਾਅਦ ਉੱਘੇ ਪ੍ਰਕਾਸ਼ਕ ਤੇ ਲੇਖਕ ਹਰੀਸ਼ ਜੈਨ ਨੇ ‘ਪੁਸਤਕ ਸੱਭਿਆਚਾਰ ਤੇ ਪੜ੍ਹਨ ਦੀ ਰੁਚੀ ਦਾ ਰੁਝਾਨ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਨੌਕਰੀ ਦੀ ਮੁਕਾਬਲੇਬਾਜ਼ੀ ਦੀਆਂ ਕਿਤਾਬਾਂ ਜ਼ਿਆਦਾ ਛਪ ਰਹੀਆਂ ਹਨ ਅਤੇ ਲਾਇਬ੍ਰੇਰੀਆਂ ਵੀ ਉਨ੍ਹਾਂ ਦੀਆਂ ਹੀ ਖੁੱਲ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੜ੍ਹਨ ਦੀ ਰੁਚੀ ਲਗਾਤਾਰ ਘੱਟ ਰਹੀ ਹੈ ਅਤੇ ਪੁਸਤਕ ਮੇਲਿਆਂ ਵਿਚ ਵੀ ਗੀਤ-ਸੰਗੀਤ ਭਾਰੂ ਹੈ। ਸਮਾਗਮ ਦੇ ਅਗਲੇ ਦੌਰ ਵਿਚ ਉੱਘੇ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪਿੰਡਾਂ ਵਿਚ ਪੁਸਤਕ ਸੱਭਿਆਚਾਰ ਲਗਾਤਾਰ ਘੱਟ ਰਿਹਾ। ਉਨ੍ਹਾਂ ਕਿਹਾ ਕਿ ਸਾਹਿਤਕ ਸਭਾਵਾਂ ਦਾ ਸਾਹਿਤ ਪ੍ਰਤੀ ਯੋਗਦਾਨ ਪਹਿਲਾਂ ਸਮਿਆਂ ਦੀਆਂ ਸਭਾਵਾਂ ਨਾਲੋਂ ਬਹੁਤ ਘੱਟ ਹੈ। ਪਹਿਲਾਂ ਕਿਤਾਬਾਂ ਅਤੇ ਰਚਨਾਵਾਂ ਉੱਤੇ ਸਭਾਵਾਂ ਵਿਚ ਚਰਚਾ ਹੁੰਦੀ ਸੀ। ਉਨ੍ਹਾਂ ਕਿਤਾਬਾਂ ਤੋਂ ਦੂਰੀ ਦਾ ਕਾਰਨ ਪ੍ਰਕਾਸ਼ਕ ਤੇ ਪ੍ਰੋਫੈਸਰਾਂ ਨੂੰ ਮੰਨਿਆ। ਇਸ ਤੋਂ ਬਾਅਦ ਸਮਾਗਮ ਦੇ ਅਗਲੇ ਪੜਾਅ ਵਿਚ ਨਵਨੀਤ ਸਿੰਘ ਤੇ ਬੂਟਾ ਰਾਮ ਮਸਾਣੀ ਨੂੰ ਪਾਠਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਉੱਘੇ ਕਹਾਣੀਕਾਰ ਬਲੀਜੀਤ ਨੂੰ ਪ੍ਰੇਮ ਪ੍ਰਕਾਸ਼ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦਾ ਸਨਮਾਨ ਪੱਤਰ ਕ੍ਰਮਵਾਰ ਜਗਦੀਪ ਸਿੱਧੂ, ਸੁਰਜੀਤ ਸੁਮਨ ਤੇ ਭਗਵੰਤ ਰਸੂਲਪੁਰੀ ਨੇ ਪੜ੍ਹੇ। ਇਸ ਮੌਕੇ ਡਾ. ਗੁਰਪਾਲ ਸਿੰਘ ਸੰਧੂ, ਡਾ. ਸੁਖਦੇਵ ਸਿੰਘ ਸਿਰਸਾ, ਅਮਰਜੀਤ ਚਾਹਲ, ਪਰਮਜੀਤ ਮਾਨ, ਮੋਹਨ ਗਿੱਲ, ਜਸਵੀਰ ਮਾਹਲ, ਗੁਲ ਚੌਹਾਨ ਆਦਿ ਹਾਜ਼ਰ ਸਨ। ਉੱਘੇ ਕਹਾਣੀਕਾਰ ਬਲੀਜੀਤ ਨੇ ਆਪਣੀ ਕਹਾਣੀ ਦੇ ਸਫ਼ਰ ਬਾਰੇ ਦੱਸਿਆ। ਪਾਠਕ ਪੁਰਸਕਾਰ ਪ੍ਰਾਪਤ ਨਵਜੀਤ ਸਿੰਘ ਨੇ ਆਪਣੀ ਪੜ੍ਹਨ ਦੀ ਰੁਚੀ ਬਾਰੇ ਚਾਨਣਾ ਪਾਇਆ। ਬੂਟਾ ਰਾਮ ਮਸਾਣੀ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਸਾਰਿਆਂ ਨੂੰ ਸਮਰਪਿਤ, ਜਿਨ੍ਹਾਂ ਨੂੰ ਉਸ ਨੇ ਪੜ੍ਹਿਆ ਹੈ। ਇਸ ਸਮਾਗਮ ਦਾ ਸੰਚਾਲਨ ਉੱਘੀ ਆਲੋਚਕਾ ਡਾ. ਸੁਖਪਾਲ ਕੌਰ ਨੇ ਬਾਖੂਬੀ ਕੀਤਾ। ਸਰੋਤਿਆਂ ਵਿਚ ਚਰਨਜੀਤ ਬਾਠ, ਪਾਲ ਅਜਨਬੀ, ਗੋਵਰਧਨ ਗੱਬੀ, ਗੁਰਪ੍ਰੀਤ ਡੈਣੀ, ਸਰੋਜ ਬਾਲਾ, ਸਤਨਾਮ ਸਿੰਘ ਸ਼ੋਕਰ, ਜੇਐੱਸ ਮਹਿਰਾ, ਸਰੂਪ ਸਿਆਲਬੀ, ਪ੍ਰੀਤਮ ਰੁਪਾਲ, ਭੋਲਾ ਕਲਿਹਿਰੀ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।