‘ਵੌਇਸ ਆਫ ਯੂਨਿਟੀ’ ਦਾ ਰੰਗਾਰੰਗ ਸੰਗੀਤਕ ਸਮਾਗਮ ਕਰਵਾਇਆ
ਪੰਜਾਬ ਕਲਾ ਭਵਨ ਵਿੱਚ ‘ਵੌਇਸ ਆਫ ਯੂਨਿਟੀ’ ਦਾ ਰੰਗਾਰੰਗ ਸੰਗੀਤਕ ਸਮਾਗਮ
Publish Date: Mon, 02 Mar 2026 08:07 PM (IST)
Updated Date: Mon, 02 Mar 2026 08:07 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਕਲਾ ਭਵਨ ਸੈਕਟਰ 16 ਵਿੱਚ ‘ਵੌਇਸ ਆਫ ਯੂਨਿਟੀ’ ਸੰਸਥਾ ਦੁਆਰਾ ਇੱਕ ਜੀਵੰਤ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਤਕਰੀਬਨ 50 ਗਾਇਕਾਂ ਨੇ ਹਿੱਸਾ ਲਿਆ। ਇਸ ਜੀਵੰਤ ਈਵੈਂਟ ਵਿੱਚ ਵੱਖ-ਵੱਖ ਸਾਜਾਂ ਵਾਲਿਆਂ ਨੇ ਲਾਈਵ ਸੰਗੀਤ ਦਿੱਤਾ ਜਿਵੇਂ ਗਿਟਾਰ, ਕੀਅ ਬੋਰਡ, ਤਬਲਾ, ਢੋਲਕ, ਸੈਕਸੋਫੋਨ ਆਦਿ ਜਿਨ੍ਹਾਂ ਦੇ ਨਾਲ ਅਲੱਗ-ਅਲੱਗ ਗਾਇਕਾਂ ਨੇ ਬੜੀ ਮਸਤੀ ਵਿਚ ਫਿਲਮੀ ਗਾਣੇ ਸੁਣਾਏ। ਕੁਝ ਗਾਣੇ ਸੋਲੋ ਸਨ ਤੇ ਕੁਝ ਡਿਊਟ ਵੀ ਸਨ। ਜਯਾ ਗੋਇਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ ਇਹ ਪ੍ਰੋਗਰਾਮ ਸ਼ਹਿਰ ਵਾਸੀਆਂ ਨੇ ਬੇਹੱਦ ਪਸੰਦ ਕੀਤਾ। ਇਸ ਦੇ ਮਿਊਜ਼ਿਕ ਅਰੇਂਜਰ ਸਨ ਅਰੁਣ ਕਾਂਤ। ਮੈਡਮ ਗੁਲਸ਼ਨ ਸੋਨੀ ਜਿਨ੍ਹਾਂ ਨੂੰ ਚੰਡੀਗੜ੍ਹ ਵਿੱਚ ਮਲਿਕਾ ਤਰੰਨੁਮ ਦੇ ਨਾਂ ਨਾਲ ਜਾਣਿਆ ਜਾਂਦਾ ਵੀ ਹੈ। ਉਹ ਇਸ ਪ੍ਰੋਗਰਾਮ ਦਾ ਖਾਸ ਹਿੱਸਾ ਸਨ, ਉਨ੍ਹਾਂ ਨੇ ਜਾਇਓ ਨਾਰਾ ਗੀਤ ਗਾਇਆ। ਮੈਡਮ ਸਵਿਤਾ ਭੱਟੀ ਸਪੈਸ਼ਲ ਗੈਸਟ ਬੁਲਾਏ ਗਏ ਸਨ। ਤਕਰੀਬਨ ਸਾਰੇ ਹੀ ਗਾਣੇ ਹਿੰਦੀ ਫਿਲਮਾਂ ’ਚ ਸਨ ਪਰ ਇੱਕ ਦੁਗਾਣਾ ਜੋ ਪੰਜਾਬੀ ਸੀ, ਪੁਰਾਣੀ ਭੰਗੜਾ ਫਿਲਮ ਵਿੱਚੋਂ ਲਿਆ ਗਿਆ ਸੀ। ਇਹ ਮੁਹੰਮਦ ਰਫੀ ਤੇ ਸ਼ਮਸ਼ਾਦ ਬੇਕਮ ਨੇ ਗਾਇਆ ਹੋਇਆ ਹੈ। ਅੱਜ ਇਹ ਗਾਣਾ ਡਾ. ਮਨਜੀਤ ਸਿੰਘ ਬੱਲ ਅਤੇ ਮੈਡਮ ਆਰਤੀ ਬੇਦੀ ਨੇ ਬੇਹੱਦ ਮਸਤ ਅੰਦਾਜ਼ ਵਿੱਚ ਪੇਸ਼ ਕੀਤਾ। ਹਿੰਦੀ ਗਾਣਿਆਂ ਦੇ ਦਰਮਿਆਨ ਇਕਲੌਤੇ ਪੰਜਾਬੀ ਗਾਣੇ ਦੀ ਪੇਸ਼ਕਾਰੀ ਨੇ ਸਰੋਤਿਆਂ ਵਿੱਚ ਬੜਾ ਉਤਸ਼ਾਹ ਭਰ ਦਿੱਤਾ ਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਖੋਜਣ ਲੱਗਾ। ਇਸ ਗਾਣੇ ਦੇ ਦਰਮਿਆਨ ਵੀ ਤੇ ਗਾਣੇ ਤੋਂ ਬਾਅਦ ਵੀ ਸਾਰੇ ਸਰੋਤਿਆਂ ਨੇ ਪ੍ਰੋਗਰਾਮ ਨੂੰ ਬਹੁਤ ਖਾਸ ਬਣਾਇਆ। ਵਧੇਰੇ ਸਰੋਤਿਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਪ੍ਰੋਗਰਾਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਪੰਜਾਬੀ ਗਾਣੇ ਵੀ ਪੇਸ਼ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਚੰਡੀਗੜ੍ਹ ਟ੍ਰਾਈਸਿਟੀ (ਪੰਚਕੁਲਾ, ਜ਼ੀਰਕਪੁਰ, ਚੰਡੀਗੜ੍ਹ, ਮੋਹਾਲੀ, ਖਰੜ ਆਦਿ ਆਉਂਦੇ ਹਨ) ਵਿੱਚ ਜ਼ਿਆਦਾ ਲੋਕ ਪੰਜਾਬੀ ਹਨ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ। ਇਸ ਕਰ ਕੇ ਇਸ ਵਿੱਚ ਪੰਜਾਬੀ ਫਿਲਮੀ ਗਾਣਿਆਂ ਦੀ ਸ਼ਮੂਲੀਅਤ ਵੀ ਹੋਣੀ ਚਾਹੀਦੀ ਹੈ। ਮੈਡਮ ਜਯਾ ਗੋਇਲ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਿਆਂ ਕਿਹਾ ਕਿ ਬਹੁਤ ਵਧੀਆ ਪ੍ਰੋਗਰਾਮ ਸੀ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਵੀ ਹੋਣੇ ਚਾਹੀਦੇ ਹਨ।